menu-icon
Punjabi Story Line
  • Home
  • News
  • International
  • PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਨਾਗਰਿਕ ਸਨਮਾਨ, ਕਈ ਸਮਝੋਤਿਆਂ ਤੇ ਲੱਗੀ ਮੋਹਰ 

PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਨਾਗਰਿਕ ਸਨਮਾਨ, ਕਈ ਸਮਝੋਤਿਆਂ ਤੇ ਲੱਗੀ ਮੋਹਰ 

ਇੰਡੋਨੇਸ਼ੀਆ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਥੇ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ  ਜ਼ੋਰਦਾਰ ਸਵਾਗਤ ਕੀਤਾ ਤੇ ਅੱਜ ਆਪਣੇ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ, "ਬਿੰਟਾਂਗ ਆਦਿਪੂਰਨਾ" ਨਾਲ ਸਨਮਾਨਿਤ ਕੀਤਾ ਹੈ। ਇਸ ਸਨਮਾਨ ਮਗਰੋਂ ਦੋਵੇਂ ਨੇਤਾਵਾਂ ਵਿਚਾਲੇ ਕਈ ਵੱਡੇ ਸਮਝੋਤੇ ਹੋਏ।

Date Updated Last Updated : 07 July 2026, 01:08 PM IST
Share:

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨ੍ਹੀਂ ਛੇ ਦਿਨਾਂ ਦੇ ਵਿਦੇਸ਼ੀ ਦੌਰੇ ਤੇ ਹਨ। ਸੋਮਵਾਰ ਨੂੰ ਇੰਡੋਨੇਸ਼ੀਆ ਪਹੁੰਚਣ ਤੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਉੱਥੇ ਹੀ ਹੁਣ ਇਸ ਇਤਿਹਾਸਕ ਦੌਰੇ ਦੌਰਾਨ ਪ੍ਰਬੋਵੋ ਸੁਬਿਆਂਤੋ ਨੇ ਪੀਐਮ ਮੋਦੀ ਨੂੰ ਆਪਣੇ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ, "ਬਿੰਟਾਂਗ ਆਦਿਪੂਰਨਾ" (Bintang Adipurna Medal) ਨਾਲ ਸਨਮਾਨਿਤ ਕੀਤਾ ਹੈ। ਰਾਸ਼ਟਰਪਤੀ ਸੁਬਿਆਂਤੋ ਨੇ ਨਿੱਜੀ ਤੌਰ 'ਤੇ ਪੀਐਮ ਮੋਦੀ ਨੂੰ ਇਹ ਵੱਕਾਰੀ ਮੈਡਲ ਭੇਟ ਕੀਤਾ, ਜੋ ਪੂਰੇ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ।

ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੁਆਰਾ ਸਨਮਾਨਿਤ ਹੋਣ ਮਗਰੋਂ ਪੀਐਮ ਮੋਦੀ ਨੇ ਧੰਨਵਾਦ ਕਰਦਿਆਂ ਕਿਹਾ- "ਅੱਜ ਸਵੇਰੇ ਮੈਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ਦਿੱਤਾ ਗਿਆ ਹੈ। ਇਹ ਸਨਮਾਨ ਲੱਖਾਂ ਭਾਰਤਵਾਸੀਆਂ ਦਾ ਹੈ। ਇਹ ਭਾਰਤ ਅਤੇ ਇੰਡੋਨੇਸ਼ੀਆ ਦੇ ਇਤਿਹਾਸਕ ਅਤੇ ਆਤਮਿਕ ਸੰਬੰਧਾ ਨਾ ਸਨਮਾਨ ਹੈ। ਮੈਂ ਰਾਸ਼ਟਰਪਤੀ ਪ੍ਰੋਬੋਵੋ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।"

 

 

ਦੋਵਾਂ ਨੇਤਾਵਾਂ ਵਿਚਕਾਰ ਹੋਈ ਹਾਈ-ਲੈਵਲ ਮੀਟਿੰਗ 

"ਬਿੰਟਾਂਗ ਆਦਿਪੂਰਨਾ" ਸਨਮਾਨ ਨਾਲ ਸਨਮਾਨਿਤ ਕਰਨ ਮਗਰੋਂ ਦੋਵਾਂ ਵਿਸ਼ਵ ਨੇਤਾਵਾਂ ਵਿਚਕਾਰ ਇੱਕ ਬੇਹੱਦ ਮਹੱਤਵਪੂਰਨ ਹਾਈ-ਲੈਵਲ ਮੀਟਿੰਗ ਹੋਈ। ਇਸ ਰਣਨੀਤਕ ਬੈਠਕ ਦੇ ਨਤੀਜੇ ਵਜੋਂ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਰੱਖਿਆ ਖੇਤਰ ਵਿੱਚ ਇੱਕ ਇਤਿਹਾਸਕ ਅਤੇ ਮੈਗਾ ਸਮਝੌਤਾ ਸਿਰੇ ਚੜ੍ਹਿਆ ਹੈ।  ਮਿਜ਼ਾਈਲ ਸੌਦੇ ਦੇ ਤਹਿਤ, ਭਾਰਤ ਹੁਣ ਇੰਡੋਨੇਸ਼ੀਆਈ ਫ਼ੌਜ ਨੂੰ ਆਪਣਾ ਅਤਿ-ਆਧੁਨਿਕ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸਿਸਟਮ ਅਤੇ ਐਸਟਰਾ ਏਅਰ-ਟੂ-ਏਅਰ ਮਿਜ਼ਾਈਲ ਸਪਲਾਈ ਕਰੇਗਾ।

 
ਰੱਖਿਆ ਅਤੇ ਸਮੁੰਦਰੀ ਸਹਿਯੋਗ ਹੋਵੇਗਾ ਮਜ਼ਬੂਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧ ਰਿਹਾ ਆਪਸੀ ਵਿਸ਼ਵਾਸ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਸ ਮੀਟਿੰਗ ਦੌਰਾਨ ਰੱਖਿਆ ਸਹਿਯੋਗ, ਆਫ਼ਤ ਪ੍ਰਬੰਧਨ ਅਤੇ ਉਦਯੋਗਿਕ ਸਾਂਝੇਦਾਰੀ ਨੂੰ ਹੋਰ ਵਧਾਉਣ 'ਤੇ ਸਹਿਮਤੀ ਬਣੀ ਹੈ।

ਇੰਡੋਨੇਸ਼ੀਆ ਨੂੰ ਮਿਲਣਗੀਆਂ ਸਸਤੀਆਂ ਅਤੇ ਗੁਣਵੱਤਾ ਵਾਲੀਆਂ ਦਵਾਈਆਂ

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਨਵੇਂ ਸਮਝੌਤਿਆਂ ਤੋਂ ਬਾਅਦ ਭਾਰਤ ਵਿੱਚ ਬਣਨ ਵਾਲੀਆਂ ਉੱਚ ਗੁਣਵੱਤਾ ਅਤੇ ਕਿਫਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਲੋਕਾਂ ਤੱਕ ਹੋਰ ਆਸਾਨੀ ਨਾਲ ਪਹੁੰਚ ਸਕਣਗੀਆਂ।

ਇਸ ਤੋਂ ਇਲਾਵਾ ਭਾਰਤ, ਇੰਡੋਨੇਸ਼ੀਆ ਦੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਸਿਖਲਾਈ ਅਤੇ ਸਮਰੱਥਾ ਵਿਕਾਸ ਵਿੱਚ ਵੀ ਸਹਿਯੋਗ ਦੇਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਿਹਤ ਖੇਤਰ ਦੀ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।

ਖੇਤੀਬਾੜੀ ਅਤੇ ਖੁਰਾਕ ਸੁਰੱਖਿਆ 'ਤੇ ਵੀ ਸਹਿਯੋਗ

ਦੋਵੇਂ ਦੇਸ਼ ਟਿਕਾਊ ਖੇਤੀਬਾੜੀ ਅਤੇ ਖੇਤੀ ਤਕਨਾਲੋਜੀ ਨਾਲ ਜੁੜੀਆਂ ਵਧੀਆ ਪ੍ਰਥਾਵਾਂ ਨੂੰ ਵੀ ਇੱਕ-ਦੂਜੇ ਨਾਲ ਸਾਂਝਾ ਕਰਨਗੇ।

ਸੱਭਿਆਚਾਰਕ ਰਿਸ਼ਤਿਆਂ ਨੂੰ ਮਿਲੇਗੀ ਨਵੀਂ ਪਹਿਚਾਣ

ਭਾਰਤ ਅਤੇ ਇੰਡੋਨੇਸ਼ੀਆ ਮਿਲ ਕੇ ਰਬਿੰਦਰਨਾਥ ਟੈਗੋਰ ਦੀ ਇੰਡੋਨੇਸ਼ੀਆ ਯਾਤਰਾ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਗੇ। ਪੀਐਮ ਮੋਦੀ ਨੇ ਕਿਹਾ ਕਿ ਇਹ ਸਮਾਗਮ ਦੋਵੇਂ ਦੇਸ਼ਾਂ ਦੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਏਗਾ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਬੋਵੋ ਨਾਲ ਮਿਲ ਕੇ ਯੋਗਿਆਕਾਰਤਾ ਵਿੱਚ ਸਥਿਤ ਇਤਿਹਾਸਕ ਪ੍ਰੰਬਾਨਨ ਮੰਦਰ ਸੰਭਾਲ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਕਰੀਬ ਇੱਕ ਹਜ਼ਾਰ ਸਾਲ ਪੁਰਾਣਾ ਇਹ ਮੰਦਰ ਭਾਰਤ ਅਤੇ ਇੰਡੋਨੇਸ਼ੀਆ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਗਲੋਬਲ ਮੁੱਦਿਆਂ 'ਤੇ ਵੀ ਸਾਂਝਾ ਰੁਖ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਸ਼ਵ ਪੱਧਰ ਦੇ ਕਈ ਮੁੱਦਿਆਂ 'ਤੇ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਬਾਰੇ ਦੋਵੇਂ ਦੇਸ਼ਾਂ ਦੀ ਸੋਚ ਇੱਕੋ ਜਿਹੀ ਹੈ ਅਤੇ ਭਾਰਤ ਹਮੇਸ਼ਾ ਆਸੀਅਨ (ASEAN) ਦੀ ਕੇਂਦਰੀ ਭੂਮਿਕਾ ਦਾ ਸਮਰਥਨ ਕਰਦਾ ਆਇਆ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਗਲੋਬਲ ਅਨਿਸ਼ਚਿਤਤਾ ਦੇ ਦੌਰ ਵਿੱਚ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ।

ਫ਼ਲਸਤੀਨ ਮੁੱਦੇ 'ਤੇ ਵੀ ਰੱਖਿਆ ਭਾਰਤ ਦਾ ਰੁਖ

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਫ਼ਲਸਤੀਨ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਦੋ-ਰਾਸ਼ਟਰ ਹੱਲ (Two-State Solution) ਦਾ ਸਮਰਥਨ ਕਰਦਾ ਹੈ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਤ ਹੋਣ ਦੇ ਹੱਕ ਵਿੱਚ ਹੈ।

ਇਸ ਦੌਰੇ ਨੂੰ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਰਣਨੀਤਕ, ਆਰਥਿਕ, ਸੱਭਿਆਚਾਰਕ ਅਤੇ ਕੂਟਨੀਤਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਵਾਲਾ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

 

Recent News