Courtesy: pinterest
ਨਵੀਂ ਦਿੱਲੀ: ਜਾਪਾਨ ਦੇ ਪੂਰਬੀ ਹਿੱਸੇ ਅਤੇ ਰਜਧਾਨੀ ਟਕਿਓ ਦੇ ਨੇੜੇ ਐਤਵਾਰ ਤੜਕੇ ਸਵੇਰੇ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬ ਗਈ। ਇੱਥੇ 5.9 ਦੀ ਤੀਬਰਤਾ ਨਾਲ ਭੂਚਾਲ ਆਇਆ ਅਤੇ ਇਸ ਮਗਰੋਂ ਲੋਕਾਂ ਵਿੱਚ ਦਹਿਸ਼ਤ ਮਚ ਗਈ। ਇਸ ਭੂਚਾਲ ਨਾਲ 20 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ, ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ ਰਿਹਾ।
ਅਧਿਕਾਰੀਆਂ ਮੁਤਾਬਕ, ਇਸ ਭੂਚਾਲ ਨਾਲ ਕਰੀਬ 23 ਲੋਕ ਜਖ਼ਮੀ ਹੋਏ ਹੁਨ। ਸੈਤਾਮਾ ਅਤੇ ਕਨਾਗਾਵਾ 'ਚ 9-9, ਚੀਬਾ ਵਿੱਚ 4 ਅਤੇ ਇਬਾਰਕੀ ਵਿੱਚ 1 ਵਿਅਕਤੀ ਜਖ਼ਮੀ ਹੋਇਆ ਹੈ। ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਕਈ ਲੋਕ ਬਿਸਤਰਿਆਂ ਤੋਂ ਡਿੱਗਣ ਜਾਂ ਦਰਵਾਜ਼ਿਆਂ ਨਾਲ ਟਕਰਾਉਣ ਕਾਰਨ ਜਖ਼ਮੀ ਹੋਏ ਹਨ।
ਇੱਕ ਰਿਪੋਰਟ ਮੁਤਾਬਕ, ਕਨਾਗਾਵਾ ਦੇ ਯੋਕੋਹਾਮਾ ਵਿੱਚ ਇੱਕ 80 ਸਾਲ ਦੀ ਮਹਿਲਾ ਬਿਸਤਰ ਤੋਂ ਡਿਗ ਗਈ, ਜਿਸ ਨਾਲ ਉਸਦੇ ਕੂਲ੍ਹੇ 'ਚ ਫਰੈਕਚਰ ਆ ਗਿਆ।
ਜਾਪਾਨ 'ਚ ਇਨ੍ਹਾਂ ਭੂਚਾਲ ਦੇ ਝਟਕਿਆਂ ਨਾਲ ਟੋਕਿਓ ਅਤੇ ਨਰੀਤਾ ਏਅਰਪੋਰਟ ਦੇ ਵਿਚਕਾਰ ਚੱਲਣ ਵਾਲੀ ਐਕਸਪ੍ਰੇਸ ਟ੍ਰੇਨਾਂ ਸਮੇਤ ਕੁੱਝ ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਕਈ ਟ੍ਰੇਨਾਂ ਦੇਰੀ ਨਾਲ ਚੱਲੀਆਂ। ਕੁੱਝ ਘਰਾਂ ਵਿੱਚ ਭੂਚਾਲ ਤੋਂ ਬਾਅਦ ਬਿਜਲੀ ਸੇਵਾਵਾਂ ਪ੍ਰਭਾਵਿਤ ਹੋਈਆ। ਕਰੀਬ 460 ਘਰਾਂ ਵਿੱਚ ਬਿਜਲੀ ਗੁਲ ਹੋ ਗਈ, ਪਰ ਕੁੱਝ ਘੰਟਿਆ ਬਾਅਦ ਬਿਜਲੀ ਵਿਭਾਗ ਨੇ ਬਿਜਲੀ ਬਹਾਲ ਕਰ ਦਿੱਤੀ। ਇਸਤੋਂ ਇਲਾਵਾ ਟੋਕਿਓ ਦੇ ਕੋਟੋ ਇਲਾਕੇ ਵਿੱਚ ਜ਼ਮੀਨ ਅੰਦਰ ਪਾਣੀ ਦੀ ਪਾਈਪਲਾਈਨ ਫੱਟਣ ਦੀ ਵੀ ਖ਼ਬਰ ਸਾਹਮਣੇ ਆਈ।
ਜਾਪਾਨ 'ਚ ਸੇਵਾਵਾਂ ਪ੍ਰਭਾਵਿਤ ਹੋਣ ਮਗਰੋਂ ਉੱਥੋਂ ਦੀ ਪ੍ਰਧਾਨਮੰਤਰੀ ਸਾਨੇ ਤਾਕਾਇਚੀ ਨੇ ਸੋਸ਼ਲ ਮੀਡੀਆ ਐਕਸ 'ਤੇ ਦੱਸਿਆ ਕਿ ਸਰਕਾਰ ਨੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ।