Courtesy: instagram@ednoghalyno
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਨਿਤ ਦਿਨ ਅਜੀਬੋ ਗਰੀਬ ਵੀਡਿਓਜ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਕਈ ਅਜਿਹੀਆਂ ਵੀ ਹੁੰਦੀਆਂ ਹਨ, ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦੇਸ਼ ਦੇ ਫੌਜੀ ਦਾ ਇੱਕ ਅਜਿਹਾ ਵੀਡਿਓ ਵਾਇਰਲ ਹੋ ਰਿਹਾ ਹੈ, ਜੋ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਰਿਹਾ ਹੈ। ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਜਵਾਨ ਆਪਣੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਹੋ ਰਹੇ ਗ੍ਰੈਜੂਏਸ਼ਨ ਸਮਾਰੋਹ ਵਿੱਚ ਆਪਣੇ ਸਾਥੀਆਂ ਦੇ ਵਿਚਕਾਰ ਇਕੱਲਾ ਖੜ੍ਹਾ ਨਜ਼ਰ ਆਉਂਦਾ ਹੈ। ਜਿੱਥੇ ਬਾਕੀ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਖੁਸ਼ੀ ਸਾਂਝੀ ਕਰ ਰਹੇ ਸਨ, ਉੱਥੇ ਇਸ ਜਵਾਨ ਦਾ ਕੋਈ ਆਪਣਾ ਮੌਜੂਦ ਨਹੀਂ ਸੀ। ਇਸ ਦੌਰਾਨ ਜੋ ਹੋਇਆ, ਉਹ ਚਰਚਾ ਦਾ ਵਿਸ਼ਾ ਬਣ ਗਿਆ।
ਇਹ ਵੀਡੀਓ ਇੰਸਟਾਗ੍ਰਾਮ 'ਤੇ Edy Kartono ਨਾਮਕ ਯੂਜ਼ਰ ਨੇ ਸਾਂਝਾ ਕੀਤਾ ਹੈ। ਵੀਡੀਓ ਨੂੰ ਇੰਡੋਨੇਸ਼ੀਆਈ ਫੌਜ ਦੀ First TNI AD Education ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਹੋਏ ਕਲੋਜ਼ਿੰਗ ਸਮਾਰੋਹ ਨਾਲ ਜੋੜਿਆ ਗਿਆ ਹੈ। ਵੀਡਿਓ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਜਵਾਨ ਗ੍ਰੈਜੂਏਸ਼ਨ ਸਮਾਰੋਹ ਦੇ ਖਾਸ ਮੌਕੇ 'ਤੇ ਆਪਣੇ ਆਪਣੇ ਸਾਥੀ ਜਵਾਨਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਦੇਖ ਰਿਹਾ ਸੀ। ਉਸਦੇ ਕੋਲ ਉਸ ਸਮੇਂ ਕੋਈ ਆਪਣਾ ਮੌਜੂਦ ਨਹੀਂ ਸੀ।
ਉਹ ਕੁਝ ਸਮੇਂ ਤੱਕ ਚੁੱਪਚਾਪ ਆਪਣੇ ਸਾਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਜਸ਼ਨ ਮਨਾਉਂਦੇ ਦੇਖਦਾ ਰਿਹਾ ਅਤੇ ਭੀੜ ਅਤੇ ਖੁਸ਼ੀ ਦੇ ਇਸ ਮਾਹੌਲ ਵਿੱਚ ਉਸਦੀ ਇਕੱਲਤਾ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਨਜ਼ਰ ਆ ਰਹੀ ਸੀ। ਪਰ ਉਸਦੇ ਕਮਾਂਡਰ ਨੇ ਜਵਾਨ ਦੇ ਚਿਹਰੇ ਅਤੇ ਹਾਵ-ਭਾਵਾਂ ਵਿੱਚ ਛੁਪੀ ਭਾਵਨਾ ਨੂੰ ਸਮਝ ਲਿਆ ਅਤੇ ਉਸਦੇ ਪਿਛਿਓਂ ਉਹ ਜਵਾਨ ਕੋਲ ਆ ਉਸਨੂੰ ਗਲੇ ਲਾ ਲੈਂਦਾ ਹੈ। ਇਸ ਅਚਾਨਕ ਮਿਲੇ ਆਪਣਾਪਨ ਨਾਲ ਜਵਾਨ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਰੱਖ ਪਾਉਂਦਾ ਅਤੇ ਕਮਾਂਡਰ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦਾ ਹੈ।
ਇਹ ਕੁਝ ਪਲਾਂ ਦੀ ਜੱਫੀ ਸ਼ਾਇਦ ਉਸ ਜਵਾਨ ਲਈ ਪਰਿਵਾਰ ਦੀ ਕਮੀ ਨੂੰ ਕੁਝ ਹੱਦ ਤੱਕ ਪੂਰਾ ਕਰਨ ਵਾਲਾ ਪਲ ਬਣ ਜਾਂਦੀ ਹੈ। ਇਹ ਪਲ ਲੋਕਾਂ ਦੇ ਦਿਲਾਂ ਨੂੰ ਛੁਹ ਜਾਂਦੇ ਹਨ।
ਜਵਾਨ ਅਤੇ ਕਮਾਂਡਰ ਵਿਚਾਲੇ ਇਹ ਭਾਵੁਕ ਪਲ ਸੋਸ਼ਲ ਮੀਡੀਆ ਯੂਜ਼ਰਾਂ ਦੇ ਦਿਲ ਨੂੰ ਛੂਹ ਗਿਆ। ਕਈ ਲੋਕਾਂ ਨੇ ਕਮਾਂਡਰ ਦੇ ਰਵੱਈਏ ਦੀ ਖੂਬ ਤਾਰੀਫ਼ ਕੀਤੀ ਅਤੇ ਕਈ ਜਵਾਨ ਦਾ ਰੋਣ ਦੇਖ ਭਾਵੁਕ ਹੋ ਗਏ। ਕੁਝ ਯੂਜ਼ਰਾਂ ਨੇ ਕਮਾਂਡਰ ਦੀ ਜੱਫੀ ਨੂੰ ਪਿਤਾ ਵਰਗਾ ਆਪਣਾਪਣ ਦੱਸਿਆ, ਜਦਕਿ ਕਈਆਂ ਨੇ ਕਿਹਾ ਕਿ ਇੱਕ ਚੰਗਾ ਕਮਾਂਡਰ ਸਿਰਫ਼ ਹੁਕਮ ਦੇਣ ਵਾਲਾ ਅਧਿਕਾਰੀ ਨਹੀਂ ਹੁੰਦਾ, ਸਗੋਂ ਆਪਣੇ ਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਸਹਾਰਾ ਵੀ ਹੁੰਦਾ ਹੈ।