Courtesy: X@realDonaldTrump
ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘੱਟਣ ਦੀ ਬਜਾਏ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਟੁੱਟਣ ਤੋਂ ਬਾਅਦ ਮੱਧ ਪੂਰਬ ਵਿੱਚ ਪਹਿਲਾਂ ਹੀ ਅਸਥਿਰਤਾ ਬਣੀ ਹੋਈ ਹੈ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਇੱਕ ਨਵਾਂ ਨਕਸ਼ਾ ਸਾਂਝਾ ਕੀਤਾ ਹੈ ਅਤੇ ਇਸ ਨੂੰ ਅਮਰੀਕਾ ਦਾ ‘ਨਵਾਂ ਇਲਾਕਾ’ ਦੱਸਿਆ ਹੈ। ਦੂਜੇ ਪਾਸੇ ਈਰਾਨ ਨੇ ਵੀ ਆਪਣਾ ਰੁਖ਼ ਸਪਸ਼ੱਟ ਕੀਤਾ ਹੈ ਕਿ ਜਦੋਂ ਤੱਕ ਉਹ ਉਨ੍ਹਾਂ ਦੀਆਂ ਸ਼ਰਤਾਂ ਨਹੀਂ ਮੰਨਦਾ, ਹੋਰਮੁਜ਼ ਦਾ ਰਸਤਾ ਨਹੀਂ ਖੋਲ੍ਹਿਆ ਜਾਵੇਗਾ।
ਟਰੰਪ ਨੇ ਆਪਣੇ ਟਰੂਥ ਸੋਸ਼ਲ ਅਕਾਊਂਟ 'ਤੇ ਹੋਰਮੁਜ਼ ਸਟ੍ਰੇਟ ਦਾ ਨਕਸ਼ਾ ਪੋਸਟ ਕੀਤਾ ਅਤੇ ਲਿਖਿਆ “ਨਿਊ ਯੂਐੱਸ ਟੈਰੀਟਰੀ—ਸਟ੍ਰੇਟ ਆਫ ਹੋਰਮੁਜ਼।” ਉਨ੍ਹਾਂ ਦੇ ਇਸ ਦਾਅਵੇ ਨੇ ਇਸ ਰਣਨੀਤਕ ਸਮੁੰਦਰੀ ਮਾਰਗ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੋਰ ਤਿੱਖਾ ਕਰ ਦਿੱਤਾ ਹੈ।
ਦੱਸ ਦੇਈਏ, ਡੋਨਾਲਡ ਟਰੰਪ ਪਹਿਲਾਂ ਵੀ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਇਸ ਤਰ੍ਹਾਂ ਦੀ ਗੱਲ ਕਹਿ ਚੁੱਕੇ ਹਨ। 14 ਅਗਸਤ ਨੂੰ ਲੌਂਗ ਆਇਲੈਂਡ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਜਲਦ ਹੀ ਅਮਰੀਕਾ ਦਾ ਇਲਾਕਾ ਐਲਾਨਿਆ ਜਾ ਸਕਦਾ ਹੈ। ਇਸਤੋਂ ਕੁਝ ਦਿਨਾਂ ਬਾਅਦ 18 ਅਗਸਤ ਨੂੰ ਵੀ ਉਨ੍ਹਾਂ ਹੋਰਮੁਜ਼ ਸਟ੍ਰੇਟ ਦਾ ਨਕਸ਼ਾ ਸਾਂਝਾ ਕੀਤਾ ਸੀ ਅਤੇ ਹੁਣ ਮੁੜ ਇਸ ਤਰ੍ਹਾਂ ਦੀ ਪੋਸਟ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਤੇਜ਼ ਹੋ ਗਈ ਹੈ।
ਈਰਾਨ ਨੇ ਟਰੰਪ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਅਮਰੀਕਾ ਦਾ ਇਲਾਕਾ ਦੱਸਣ ਵਾਲੇ ਦਾਅਵੇ ਦੀ ਆਲੋਚਨਾ ਕੀਤੀ ਹੈ ਅਤੇ ਤੇਹਰਾਨ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਹਨ ਕਿ ਅਜਿਹੇ ਬਿਆਨਾਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਦਰਅਸਲ, ਹੋਰਮੁਜ਼ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਚਾਹੁੰਦਾ ਹੈ ਕਿ ਤੇਹਰਾਨ ਇਸ ਸਮੁੰਦਰੀ ਰਸਤੇ ਨੂੰ ਮੁੜ ਖੋਲ੍ਹੇ ਅਤੇ ਜਹਾਜ਼ਾਂ ਦੀ ਆਵਾਜਾਈ ਆਮ ਕੀਤੀ ਜਾਵੇ। ਦੂਜੇ ਪਾਸੇ ਈਰਾਨ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਉਸ ਦੀ ਸੁਰੱਖਿਆ ਅਤੇ ਰਣਨੀਤਕ ਹਿਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਈਰਾਨ ਨੇ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਅਮਰੀਕਾ ਅੱਗੇ ਕਈ ਸ਼ਰਤਾਂ ਰੱਖੀਆਂ ਹਨ ਅਤੇ ਕਿਹਾ ਕਿ ਜਦੋਂ ਤੱਕ ਉਹ ਉਸਦੀਆਂ ਮੰਗਾਂ ਨਹੀਂ ਮੰਨ ਲੈਂਦਾ ਹੋਰਮੁਜ਼ ਨੂੰ ਨਹੀਂ ਖੋਲ੍ਹਿਆ ਜਾਵੇਗਾ। ਈਰਾਨ ਨੇ ਅਮਰੀਕਾ ਸਾਹਮਣੇ ਨਾਕਾਬੰਦੀ ਹਟਾਉਣ, ਜੰਗ ਦੌਰਾਨ ਨੁਕਸਾਨ ਲਈ ਮੁਆਵਜ਼ਾ ਦੇਣ, ਆਰਥਿਕ ਪਾਬੰਦੀਆਂ ਖਤਮ ਕਰਨ ਅਤੇ ਈਰਾਨ ਦੀਆਂ ਜ਼ਬਤ ਕੀਤੀਆਂ ਸੰਪਤੀਆਂ ਨੂੰ ਰਿਹਾਅ ਕਰਨ ਵਰਗੀਆਂ ਮੰਗਾਂ ਰੱਖੀਆਂ ਹਨ।
ਹੋਰਮੁਜ਼ ਸਟ੍ਰੇਟ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਨੂੰ ਜੋੜਨ ਵਾਲਾ ਬਹੁਤ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਦੁਨੀਆ ਦੇ ਊਰਜਾ ਵਪਾਰ ਵਿੱਚ ਇਸ ਦੀ ਅਹਿਮ ਭੂਮਿਕਾ ਹੈ, ਕਿਉਂਕਿ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਹੋਰ ਊਰਜਾ ਸਰੋਤ ਇਸ ਰਸਤੇ ਰਾਹੀਂ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਦੇ ਹਨ। ਇਸੇ ਕਾਰਨ ਜੇ ਇਸ ਸਮੁੰਦਰੀ ਮਾਰਗ 'ਤੇ ਆਵਾਜਾਈ ਰੁਕਦੀ ਹੈ ਜਾਂ ਸੁਰੱਖਿਆ ਸਬੰਧੀ ਖਤਰਾ ਵਧਦਾ ਹੈ ਤਾਂ ਇਸ ਦਾ ਅਸਰ ਸਿਰਫ਼ ਅਮਰੀਕਾ ਅਤੇ ਈਰਾਨ ਤੱਕ ਸੀਮਿਤ ਨਹੀਂ ਰਹਿੰਦਾ। ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ, ਕੀਮਤਾਂ ਅਤੇ ਕਈ ਦੇਸ਼ਾਂ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋ ਸਕਦੀ ਹੈ।