Courtesy: X@Q7vN4xR2
ਪੰਜਾਬ: ਕਨੇਡਾ 'ਚ ਮਾਰੇ ਗਏ ਖਾਲੀਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਇੱਕ ਵੱਡਾ ਦਾਅਵਾ ਸਾਹਮਣੇ ਆਇਆ ਹੈ। ਲਾਰੇਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਹਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਤੇ ਇੱਕ ਆਡੀਓ ਕਲਿੱਪ ਸਾਹਮਣੇ ਆਈ ਹੈ, ਜਿਸ ਵਿੱਚ ਬਰਾੜ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਨਿੱਝਰ ਨੂੰ ਉਸਨੇ ਹੀ ਮਾਰਿਆ ਹੈ।
ਸੋਸ਼ਲ ਮੀਡੀਆ 'ਤੇ ਲੀਕ ਆਡੀਓ ਕਲਿਪ ਵਿੱਚ ਗੋਲਡੀ ਬਰਾੜ ਸਿੱਖ ਆਗੂ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਦਾਅਵਾ ਕਰਦਾ ਹੈ ਕਿ ਉਸਨੇ ਹੀ ਨਿੱਝਰ ਦੀ ਹੱਤਿਆ ਕੀਤੀ ਹੈ। ਬਰਾੜ ਇਸ ਦੌਰਾਨ ਕਹਿੰਦਾ ਹੈ ਕਿ ਨਿੱਝਰ ਉਨ੍ਹਾਂ ਲੋਕਾਂ ਦਾ ਸਮਰਥਨ ਕਰਦਾ ਸੀ ਜੋ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਦੇ ਸੀ। ਨਿੱਝਰ ਇਨ੍ਹਾਂ ਲੋਕਾਂ ਨੂੰ ਮਜ਼ਬੂਤ ਕਰ ਰਿਹਾ ਸੀ ਤਾਂ ਜੋ ਸਮਾਂ ਆਉਣ 'ਤੇ ਉਨ੍ਹਾਂ ਦੀ ਵਰਤੋਂ ਕਰ ਸਕੇ। ਇਨ੍ਹਾਂ ਹੀ ਕਾਰਨਾਂ ਕਰਕੇ ਉਸ ਨੇ ਅਤੇ ਉਸ ਦੀ ਟੀਮ ਨੇ ਨਿੱਝਰ ਨੂੰ ਨਿਸ਼ਾਨਾ ਬਣਾਇਆ।
ਆਡੀਓ ਵਿੱਚ ਬਰਾੜ ਨੇ ਦਾਅਵਾ ਕੀਤਾ ਕਿ ਉਸਨੇ ਗੁਰਦੁਆਰੇ ਦੇ ਅੰਦਰ ਗੋਲੀ ਨਹੀਂ ਚਲਾਈ ਕਿਉਂਕਿ ਉਹ ਗੁਰੂ ਘਰ ਸੀ। ਉਹ ਉਸਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਉਸਨੇ ਕਿਹਾ ਕਿ ਉਸਨੂੰ ਲੱਗਦਾ ਹੈ ਕਿ ਅਰਸ਼ ਡੱਲਾ ਵੀ ਨਿੱਝਰ ਦੀ ਕਾਰ ਵਿੱਚ ਸੀ। ਜੇ ਉਹ ਉਸਦੇ ਨਾਲ ਹੁੰਦਾ ਤਾਂ ਉਹ ਵੀ ਅੱਜ ਜ਼ਿੰਦਾ ਨਹੀਂ ਬਚਦਾ। ਨਿੱਝਰ 'ਤੇ ਪੰਜਾਹ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 34 ਗੋਲੀਆਂ ਉਸਨੂੰ ਲੱਗੀਆਂ ਸੀ ਅਤੇ ਉਸਦੀ ਉੱਥੇ ਹੀ ਮੌਤ ਹੋ ਗਈ ਸੀ।
ਹਾਲਾਂਕਿ, ਇਸ ਆਡੀਓ ਦੀ ਅਜੇ ਤੱਕ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕਾਫੀ ਤਣਾਅ ਪੈਦਾ ਹੋ ਗਿਆ ਸੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਨਿੱਝਰ ਦੀ ਮੌਤ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਸਨ। ਹਾਲਾਂਕਿ, ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕੀਤਾ ਸੀ ਅਤੇ ਨਵੀਂ ਦਿੱਲੀ ਨੇ ਕੈਨੇਡਾ 'ਤੇ ਖਾਲਿਸਤਾਨ ਸਮਰਥਕ ਤੱਤਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਲਾਏ ਸਨ। ਇਸਤੋਂ ਬਾਅਦ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ ਸੀ। ਪਿਛਲੇ ਮਹੀਨੇ, ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਦੇਸ਼ ਵਿੱਚ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਲਈ ਲੋੜੀਂਦਾ ਹੈ। ਜਦੋਂ ਲਾਰੈਂਸ ਬਿਸ਼ਨੋਈ 2015 ਤੋਂ ਜੇਲ੍ਹ ਵਿੱਚ ਤਾਂ ਕੈਨੇਡਾ ਵਿੱਚ ਰਹਿ ਕੇ ਗੋਲਡੀ ਬਰਾੜ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਗੈਂਗ ਚਲਾਉਂਦਾ ਹੈ। ਗੋਲਡੀ ਬਰਾੜ ਨੂੰ ਪਹਿਲਾਂ ਹੀ ਭਾਰਤ ਸਰਕਾਰ ਅੱਤਵਾਦੀ ਘੋਸ਼ਿਤ ਕਰ ਚੁੱਕੀ ਹੈ। ਉਸਤੇ ਹੱਤਿਆ, ਜਬਰਨ ਵਸੂਲੀ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਨੈਟਵਰਕ ਨੂੰ ਚਲਾਉਣ ਦਾ ਦੋਸ਼ ਹੈ।