ਕਪੂਰਥਲਾ ਦੇ ਕਸਬਾ ਨਡਾਲਾ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੌਤ ਦੀ ਖਬਰ ਤੋਂ ਬਾਅਦ ਪਰਿਵਾਰ 'ਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਇਟਲੀ ਸਰਕਾਰ ਤੋਂ ਇਸ ਸੜਕ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ 2 ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ (36) ਪੁੱਤਰ ਗੁਰਧਿਆਨ ਵਾਸੀ ਨਡਾਲਾ ਕਪੂਰਥਲਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਨੇ ਕਰਜ਼ਾ ਲੈ ਕੇ ਅਜੈ ਨੂੰ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਭੇਜਿਆ ਸੀ। ਬੀਤੇ ਦਿਨ ਅਜੈ ਕੁਮਾਰ ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਆਪਣੇ ਦੋਸਤ ਰਾਕੇਸ਼ ਕੁਮਾਰ ਦੀ ਕਾਰ ਵਿੱਚ ਲਾਤੀਨਾ ਜ਼ਿਲ੍ਹੇ ਤੋਂ ਫਿਉਮੀਸੀਨੋ ਏਅਰਪੋਰਟ ਗਿਆ ਸੀ।
ਡਰਾਈਵਰ ਨੇ ਨੋ-ਪਾਰਕਿੰਗ ਜ਼ੋਨ ਵਿੱਚ ਖੜੀ ਕੀਤੀ ਸੀ ਕਾਰ
ਜਿੱਥੇ ਏਅਰਪੋਰਟ ਨੇੜੇ ਪਾਰਕਿੰਗ ਲਈ ਪੈਸੇ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਨੋ-ਪਾਰਕਿੰਗ ਜ਼ੋਨ ਵਿੱਚ ਖੜਾ ਕਰ ਦਿੱਤਾ। ਇਸੇ ਦੌਰਾਨ ਅਜੇ ਕੁਮਾਰ ਬਾਥਰੂਮ ਜਾਣ ਲਈ ਸੜਕ ਪਾਰ ਕਰਨ ਲੱਗਾ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।