ਰੂਸ ਵਿੱਚ McDonald's ਦੀ ਵਾਪਸੀ 'ਤੇ ਪੁਤਿਨ ਦਾ ਸਖ਼ਤ ਰੁਖ਼, ਰੈੱਡ ਕਾਰਪੇਟ ਨਾਲ ਸਵਾਗਤ ਨਹੀਂ ਹੋਵੇਗਾ

ਯੂਕਰੇਨ ਯੁੱਧ ਨੂੰ ਲੈ ਕੇ ਪੱਛਮੀ ਪਾਬੰਦੀਆਂ ਤੋਂ ਬਾਅਦ ਮੈਕਡੋਨਲਡਜ਼ ਨੇ 2022 ਵਿੱਚ ਰੂਸ ਛੱਡ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਸਾਰੇ ਆਊਟਲੈੱਟ ਇੱਕ ਰੂਸੀ ਵਪਾਰੀ ਨੂੰ ਵੇਚ ਦਿੱਤੇ ਸਨ। ਪੁਤਿਨ ਨੇ ਭਰੋਸਾ ਦਿੱਤਾ ਕਿ ਸਰਕਾਰ ਰੂਸੀ ਕਾਰੋਬਾਰੀਆਂ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਹਰ ਫੈਸਲਾ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ।

Share:

Putin's tough stance on McDonald's return to Russia : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਵਿੱਚ ਮੈਕਡੋਨਲਡਜ਼ ਦੀ ਵਾਪਸੀ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਪੁਤਿਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇਕਰ ਮੈਕਡੋਨਲਡ ਰੂਸ ਵਾਪਸ ਆਉਣਾ ਚਾਹੁੰਦਾ ਹੈ, ਤਾਂ ਉਸਦਾ ਇੱਥੇ ਰੈੱਡ ਕਾਰਪੇਟ ਨਾਲ ਸਵਾਗਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕ੍ਰੇਮਲਿਨ ਵਿਖੇ ਇੱਕ ਮੀਟਿੰਗ ਦੌਰਾਨ ਫਾਸਟ ਫੂਡ ਕੰਪਨੀ 'ਤੇ ਇਹ ਹਮਲਾ ਕੀਤਾ। ਯੂਕਰੇਨ ਯੁੱਧ ਨੂੰ ਲੈ ਕੇ ਪੱਛਮੀ ਪਾਬੰਦੀਆਂ ਤੋਂ ਬਾਅਦ ਮੈਕਡੋਨਲਡਜ਼ ਨੇ 2022 ਵਿੱਚ ਰੂਸ ਛੱਡ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਸਾਰੇ ਆਊਟਲੈੱਟ ਇੱਕ ਰੂਸੀ ਵਪਾਰੀ ਨੂੰ ਵੇਚ ਦਿੱਤੇ ਸਨ।

ਸਿਰਫ਼ ਮੂਰਖ ਹੀ ਸਮਝੌਤਾ ਕਰਦੇ ਹਨ

ਰੂਸ ਦੀ ਸਰਕਾਰੀ ਸਮਾਚਾਰ ਏਜੰਸੀ TASS ਦੇ ਅਨੁਸਾਰ, ਰਾਸ਼ਟਰਪਤੀ ਪੁਤਿਨ ਨੇ ਕ੍ਰੇਮਲਿਨ ਵਿੱਚ ਇੱਕ ਮੀਟਿੰਗ ਦੌਰਾਨ ਵਕੁਸਨੋ ਆਈ ਤੋਚਕਾ ਦੇ ਸੀਈਓ ਓਲੇਗ ਪਾਰੋਯੇਵ ਨੂੰ ਕਿਹਾ "ਉਨ੍ਹਾਂ (ਮੈਕਡੋਨਲਡਜ਼) ਨੇ ਸਾਰਿਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ, ਭੱਜ ਗਏ, ਅਤੇ ਹੁਣ ਜੇ ਉਹ ਵਾਪਸ ਆਉਣਾ ਚਾਹੁੰਦੇ ਹਨ, ਤਾਂ ਕੀ ਸਾਨੂੰ ਉਨ੍ਹਾਂ ਲਈ ਲਾਲ ਕਾਰਪੇਟ ਵਿਛਾ ਦੇਣਾ ਚਾਹੀਦਾ ਹੈ?" ਇਹ ਹੋ ਨਹੀਂ ਸਕਦਾ'। ਵਕੁਸਨੋ ਆਈ ਤੋਚਕਾ ਉਹੀ ਫਾਸਟ ਫੂਡ ਚੇਨ ਹੈ, ਜਿਸਨੇ ਮੈਕਡੋਨਲਡਜ਼ ਦੀ ਜਗ੍ਹਾ ਲੈ ਲਈ ਸੀ, ਜੋ ਮਈ 2022 ਵਿੱਚ ਰੂਸ ਛੱਡ ਗਈ ਸੀ। ਪੁਤਿਨ ਨੇ ਇਹ ਵੀ ਕਿਹਾ ਕਿ 'ਸਿਰਫ਼ ਮੂਰਖ ਹੀ ਸਮਝੌਤਾ ਕਰਦੇ ਹਨ ਅਤੇ ਇੱਥੇ ਵੀ ਇਹੀ ਗੱਲ ਲਾਗੂ ਹੁੰਦੀ ਹੈ।'

ਕੰਪਨੀਆਂ ਦੀ ਵਾਪਸੀ ਲਈ ਨਿਯਮ ਬਨਣਗੇ

ਰਾਸ਼ਟਰਪਤੀ ਪੁਤਿਨ ਨੇ ਸਰਕਾਰੀ ਅਧਿਕਾਰੀਆਂ ਨੂੰ ਰੂਸ ਵਾਪਸ ਆਉਣ ਦੀਆਂ ਚਾਹਵਾਨ ਵਿਦੇਸ਼ੀ ਕੰਪਨੀਆਂ ਦੀ ਵਾਪਸੀ ਲਈ ਨਿਯਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਪਰ ਇਹ ਸਭ ਕੁਝ ਰੂਸੀ ਕਾਰੋਬਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਪੁਤਿਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਕੰਪਨੀ ਵਾਪਸ ਆਉਣਾ ਚਾਹੁੰਦੀ ਹੈ, ਤਾਂ ਉਸਨੂੰ ਰੂਸ ਦੀਆਂ ਸ਼ਰਤਾਂ 'ਤੇ ਵਾਪਸ ਆਉਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਇਸ ਨਾਲ ਤੁਹਾਨੂੰ ਫਾਇਦਾ ਹੁੰਦਾ ਹੈ ਤਾਂ ਇਸਨੂੰ ਆਉਣ ਦਿਓ। ਜੇ ਨਹੀਂ, ਤਾਂ ਅਸੀਂ ਕੁਝ ਅਜਿਹਾ ਕਰਾਂਗੇ ਜਿਸ ਨਾਲ ਰੂਸ ਨੂੰ ਫਾਇਦਾ ਹੋਵੇ। ਇਸ ਦੇ ਨਾਲ ਹੀ ਰਾਸ਼ਟਰਪਤੀ ਪੁਤਿਨ ਨੇ ਇਹ ਵੀ ਭਰੋਸਾ ਦਿੱਤਾ ਕਿ ਸਰਕਾਰ ਰੂਸੀ ਕਾਰੋਬਾਰੀਆਂ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਹਰ ਫੈਸਲਾ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇਗਾ। 
 

ਇਹ ਵੀ ਪੜ੍ਹੋ