menu-icon
Punjabi Story Line
  • Home
  • News
  • International
  • ਵੇਨੇਜ਼ੁਏਲਾ 'ਚ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 188 ਤੱਕ ਪੁੱਜੀ, ਹਜ਼ਾਰਾਂ ਲੋਕ ਅਜੇ ਵੀ ਲਾਪਤਾ

ਵੇਨੇਜ਼ੁਏਲਾ 'ਚ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 188 ਤੱਕ ਪੁੱਜੀ, ਹਜ਼ਾਰਾਂ ਲੋਕ ਅਜੇ ਵੀ ਲਾਪਤਾ

ਵੇਨੇਜ਼ੁਏਲਾ 'ਚ ਕੱਲ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਝਟਕੇ ਮਹਸੂਸ ਕੀਤੇ ਗਏ। ਪਹਿਲੇ ਭੂਚਾਲ ਦੀ ਤੀਵਰਤਾ 7.2 ਸੀ। ਪਹਿਲੇ ਭੂਚਾਲ ਤੋਂ ਲੋਕ ਆਪਣੇ ਆਪ ਨੂੰ ਸੰਭਾਲ ਪਾਉਂਦੇ ਕਿ ਦੂਜਾ ਭੂਚਾਰ ਹੋਰ ਸ਼ਕਤੀਸ਼ਾਲੀ ਯਾਨੀ 7.5 ਦੀ ਤੀਵਰਤਾ ਨਾਲ ਆਇਆ, ਜਿਸਨੇ ਲੋਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ।

Date Updated Last Updated : 26 June 2026, 08:50 AM IST
Share:

ਨਵੀਂ ਦਿੱਲੀ: ਵੇਨੇਜ਼ੁਏਲਾ ਵਿੱਚ ਵੀਰਵਾਰ ਤੜਕੇ ਆਏ ਦੋ ਤਾਕਤਵਰ ਭੂਚਾਲਾਂ ਨੇ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ ਇਮਾਰਤਾਂ ਡਿੱਗ ਗਈਆਂ, ਜਿਸ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਨੂੰ ਸੜਕਾਂ ਤੇ ਭਜੇ। ਹਾਲਾਂਕਿ, ਕਈ ਲੋਕ ਮਲਬੇ ਥੱਲੇ ਦੱਬ ਗਏ ਅਤੇ ਹਜ਼ਾਰਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ

ਸਰਕਾਰੀ ਜਾਣਕਾਰੀ ਅਨੁਸਾਰ ਹੁਣ ਤੱਕ ਘੱਟੋ-ਘੱਟ 188 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 1,500 ਤੋਂ ਵੱਧ ਲੋਕ ਜ਼ਖ਼ਮੀ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਮਲਬਾ ਹਟਾਉਣ ਨਾਲ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਕਾਰਨ ਬਚਾਅ ਅਭਿਆਨ ਜੰਗੀ ਪੱਧਰ 'ਤੇ ਜਾਰੀ ਹੈ।

ਇੱਕ ਮਿੰਟ ਦੇ ਅੰਦਰ ਆਏ ਦੋ ਭਿਆਨਕ ਭੂਚਾਲ

ਦੱਸ ਦੇਈਏ, ਪਹਿਲਾ ਝਟਕਾ 7.2 ਤੀਵਰਤਾ ਦਾ ਸੀ, ਜਿਸ ਤੋਂ ਕੁਝ ਹੀ ਪਲਾਂ ਬਾਅਦ 7.5 ਤੀਵਰਤਾ ਦਾ ਦੂਜਾ ਭੂਚਾਲ ਆ ਗਿਆ। ਭੂਚਾਲਾਂ ਦੀ ਤੀਵਰਤਾ ਇੰਨੀ ਜ਼ਿਆਦਾ ਸੀ ਕਿ ਕਈ ਇਮਾਰਤਾਂ ਪਲਾਂ ਵਿੱਚ ਢਹਿ ਗਈਆਂ ਅਤੇ ਵੱਡੇ ਖੇਤਰ ਵਿੱਚ ਤਬਾਹੀ ਫੈਲ ਗਈ। ਮਾਹਿਰਾਂ ਅਨੁਸਾਰ ਇਹ ਵੇਨੇਜ਼ੁਏਲਾ ਵਿੱਚ ਪਿਛਲੇ ਇੱਕ ਸਦੀ ਦੌਰਾਨ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਇੱਕ ਹਨ।

ਲਾ ਗੁਏਰਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ

ਵੇਨੇਜ਼ੁਏਲਾ ਦੀ ਰਾਜਧਾਨੀ ਕਰਾਕਾਸ ਦੇ ਉੱਤਰ ਵਿੱਚ ਸਥਿਤ ਸਮੁੰਦਰੀ ਖੇਤਰ ਲਾ ਗੁਏਰਾ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇੱਥੇ ਕਈ ਰਿਹਾਇਸ਼ੀ ਇਮਾਰਤਾਂ ਅਤੇ ਵਪਾਰਕ ਢਾਂਚੇ ਢਹਿ ਗਏ ਹਨ। ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ਵਿੱਚ ਜੁੱਟੇ ਹਨ ਤੇ ਮਲਬੇ ਕੋਲ ਖੜ੍ਹੇ ਰੋ ਰਹੇ ਹਨ ਅਤੇ ਕਈ ਥਾਵਾਂ 'ਤੇ ਸਥਾਨਕ ਲੋਕ ਆਪਣੇ ਹੱਥਾਂ ਨਾਲ ਹੀ ਮਲਬਾ ਹਟਾ ਰਹੇ ਹਨ।

ਹਸਪਤਾਲਾਂ ਅਤੇ ਹਵਾਈ ਅੱਡੇ ਨੂੰ ਵੀ ਨੁਕਸਾਨ

ਲਾ ਗੁਏਰਾ ਵਿੱਚ ਸਥਿਤ ਦੇਸ਼ ਦਾ ਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਭੂਚਾਲ ਕਾਰਨ ਗੰਭੀਰ ਤੌਰ 'ਤੇ ਨੁਕਸਾਨਿਆ ਗਿਆ ਹੈ ਅਤੇ ਉਸਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੀ ਰਾਹਤ ਸਮੱਗਰੀ ਅਤੇ ਬਚਾਅ ਟੀਮਾਂ ਨੂੰ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ। ਕਈ ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਗਿਣਤੀ ਵਧਣ ਕਾਰਨ ਐਮਰਜੈਂਸੀ ਪ੍ਰਬੰਧ ਕੀਤੇ ਗਏ ਹਨ।

ਖੁੱਲ੍ਹੀਆਂ ਥਾਵਾਂ 'ਤੇ ਰਾਤ ਗੁਜ਼ਾਰਨ ਲਈ ਮਜਬੂਰ ਲੋਕ

ਭੂਚਾਲ ਤੋਂ ਬਾਅਦ ਡਰ ਕਾਰਨ ਹਜ਼ਾਰਾਂ ਲੋਕ ਆਪਣੇ ਘਰਾਂ ਵਿੱਚ ਵਾਪਸ ਨਹੀਂ ਗਏ। ਕਈ ਪਰਿਵਾਰਾਂ ਨੇ ਪਾਰਕਾਂ, ਪਾਰਕਿੰਗ ਥਾਵਾਂ ਅਤੇ ਹੋਰ ਖੁੱਲ੍ਹੇ ਇਲਾਕਿਆਂ ਵਿੱਚ ਰਾਤ ਬਿਤਾਈ। ਸਰਕਾਰ ਵੱਲੋਂ ਅਸਥਾਈ ਰਾਹਤ ਕੈਂਪ ਬਣਾਏ ਜਾ ਰਹੇ ਹਨ।

ਸਕੂਲ ਬੰਦ, ਰਾਹਤ ਕੈਂਪਾਂ ਵਿੱਚ ਤਬਦੀਲ

ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ ਸਕੂਲਾਂ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਹੈ। ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਰਾਹਤ ਕੈਂਪ ਅਤੇ ਸਹਾਇਤਾ ਕੇਂਦਰਾਂ ਵਜੋਂ ਵਰਤਿਆ ਜਾ ਰਿਹਾ ਹੈ, ਜਿੱਥੇ ਪ੍ਰਭਾਵਿਤ ਪਰਿਵਾਰਾਂ ਨੂੰ ਖਾਣ-ਪੀਣ, ਦਵਾਈਆਂ ਅਤੇ ਰਹਿਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤਾ

ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਲਾਪਤਾ ਲੋਕਾਂ ਦੀ ਭਾਲ, ਜ਼ਖ਼ਮੀਆਂ ਦਾ ਇਲਾਜ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

ਕਈ ਦੇਸ਼ਾਂ ਨੇ ਭੇਜੀ ਮਦਦ

ਇਸ ਵੱਡੀ ਕੁਦਰਤੀ ਆਫ਼ਤ ਤੋਂ ਬਾਅਦ ਕਈ ਦੇਸ਼ ਵੇਨੇਜ਼ੁਏਲਾ ਦੀ ਮਦਦ ਲਈ ਅੱਗੇ ਆਏ ਹਨ। ਵੱਖ-ਵੱਖ ਦੇਸ਼ਾਂ ਨੇ ਰਾਹਤ ਟੀਮਾਂ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਮੱਗਰੀ ਭੇਜਣ ਦਾ ਐਲਾਨ ਕੀਤਾ ਹੈ। ਕਤਰ ਤੋਂ ਬਚਾਅ ਟੀਮਾਂ ਰਵਾਨਾ ਹੋ ਚੁੱਕੀਆਂ ਹਨ, ਜਦਕਿ ਮੈਕਸੀਕੋ ਅਤੇ ਅਲ ਸਾਲਵਾਡੋਰ ਤੋਂ ਵੀ ਮਾਹਿਰ ਟੀਮਾਂ ਦੇ ਪਹੁੰਚਣ ਦੀ ਉਮੀਦ ਹੈ। ਵੇਨੇਜ਼ੁਏਲਾ ਸਰਕਾਰ ਨੇ ਭਾਰਤ ਸਮੇਤ ਮਦਦ ਦੀ ਪੇਸ਼ਕਸ਼ ਕਰਨ ਵਾਲੇ ਸਾਰੇ ਦੇਸ਼ਾਂ ਦਾ ਧੰਨਵਾਦ ਕੀਤਾ ਹੈ।

ਮਾਹਿਰਾਂ ਨੇ ਦੱਸਿਆ ਭੂਚਾਲ ਦਾ ਕਾਰਨ

ਭੂਚਾਲ ਵਿਗਿਆਨੀਆਂ ਅਨੁਸਾਰ ਪਹਿਲਾ ਭੂਚਾਲ ਧਰਤੀ ਦੇ ਅੰਦਰ ਲਗਭਗ 22 ਕਿਲੋਮੀਟਰ ਦੀ ਗਹਿਰਾਈ ਵਿੱਚ ਆਇਆ, ਜਦਕਿ ਦੂਜਾ ਅਤੇ ਹੋਰ ਸ਼ਕਤੀਸ਼ਾਲੀ ਭੂਚਾਲ ਕਰੀਬ 10 ਕਿਲੋਮੀਟਰ ਦੀ ਗਹਿਰਾਈ ਵਿੱਚ ਦਰਜ ਕੀਤਾ ਗਿਆ। ਦੋਵੇਂ ਝਟਕਿਆਂ ਦੇ ਬਹੁਤ ਘੱਟ ਸਮੇਂ ਦੇ ਅੰਤਰ ਕਾਰਨ ਨੁਕਸਾਨ ਕਾਫ਼ੀ ਵੱਧ ਹੋਇਆ ਅਤੇ ਕਈ ਇਮਾਰਤਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।

ਫਿਲਹਾਲ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਮਲਬਾ ਹਟਾਇਆ ਜਾਵੇਗਾ, ਤਸਵੀਰ ਹੋਰ ਸਪੱਸ਼ਟ ਹੋਵੇਗੀ ਅਤੇ ਮੌਤਾਂ ਤੇ ਨੁਕਸਾਨ ਦੇ ਅੰਕੜਿਆਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
 
 

Recent News