Courtesy: @dirilispostasi
ਅਮਰੀਕਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਦੋਵਾਂ ਦੇਸ਼ਾਂ ਵਿਚਕਾਰ ਕਈ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਰਸਮੀ ਤੌਰ 'ਤੇ ਇੱਕ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਹਨ।
ਅਮਰੀਕਾ ਅਤੇ ਈਰਾਨ ਵਿਚਾਲੇ ਇੱਕ ਮਹੱਤਵਪੂਰਨ ਸਮਝੌਤਾ ਲਾਗੂ ਹੋ ਗਿਆ ਹੈ। ਦੋਵੇਂ ਦੇਸ਼ਾਂ ਵਿਚਕਾਰ ਕਈ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਦੋਵਾਂ ਦੇਸ਼ਾਂ ਰਾਸ਼ਟਰਪਤੀਆਂ ਨੇ ਰਸਮੀ ਤੌਰ 'ਤੇ ਇੱਕ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ।
ਅਮਰੀਕੀ ਅਧਿਕਾਰੀਆਂ ਮੁਤਾਬਿਕ, ਰਾਸ਼ਟਰਪਤੀ ਟਰੰਪ ਨੇ ਫਰਾਂਸ ਦੇ ਵਰਸਾਈ ਮਹਲ 'ਚ ਮੈਕਰੋਨ ਦੇ ਨਾਲ ਡਿਨਰ ਕੀਤਾ ਤੇ ਇਸੇ ਦੌਰਾਨ ਅਮਰੀਕਾ-ਈਰਾਨ ਸਮਝੌਤੇ ਦੀ ਹਾਰਡ ਕਾਪੀ ਤੇ ਅਧਿਕਾਰਿਕ ਤੌਰ ਤੇ ਸਾਈਨ ਵੀ ਕੀਤੇ। ਇਸ ਤੋਂ ਬਾਅਦ ਦਸਤਖ਼ਤਸ਼ੁਦਾ ਦਸਤਾਵੇਜ਼ ਦੀਆਂ ਕਾਪੀਆਂ ਈਰਾਨ ਅਤੇ ਵਿਚੋਲਗੀ ਕਰਨ ਵਾਲੇ ਦੇਸ਼ਾਂ ਨੂੰ ਭੇਜ ਦਿੱਤੀਆਂ ਗਈਆਂ।
ਇਸ ਤੋਂ ਪਹਿਲਾਂ ਐਤਵਾਰ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਈਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਕਿਰ ਗਾਲੀਬਾਫ ਨੇ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਇਸ ਦਸਤਾਵੇਜ਼ ਨੂੰ ਮਨਜ਼ੂਰੀ ਦਿੱਤੀ ਸੀ।
ਚਾਰ ਮਹੀਨਿਆਂ ਤੋਂ ਜਾਰੀ ਤਣਾਅ ਘਟਣ ਦੀ ਉਮੀਦ
ਅਮਰੀਕੀ ਪੱਖ ਦਾ ਮੰਨਣਾ ਹੈ ਕਿ ਐਮਓਯੂ ਤੇ ਦਸਤਖ਼ਤ ਹੋਣ ਨਾਲ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਟਕਰਾਅ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਰਿਸ਼ਤਿਆਂ ਵਿੱਚ ਸੁਧਾਰ ਦੀ ਸੰਭਾਵਨਾ ਬਣੇਗੀ।
ਜਿਨੀਵਾ ਵਿੱਚ ਹੋਣ ਵਾਲੀ ਬੈਠਕ 'ਤੇ ਅਜੇ ਵੀ ਨਜ਼ਰਾਂ
ਭਾਵੇਂ ਸਮਝੌਤੇ 'ਤੇ ਦਸਤਖ਼ਤ ਹੋ ਚੁੱਕੇ ਹਨ, ਪਰ ਦੋਵੇਂ ਦੇਸ਼ਾਂ ਦੇ ਵਾਰਤਾ ਦਲਾਂ ਦੀ ਜਿਨੀਵਾ ਵਿੱਚ ਪ੍ਰਸਤਾਵਿਤ ਮੀਟਿੰਗ ਹਾਲੇ ਵੀ ਤੈਅ ਮੰਨੀ ਜਾ ਰਹੀ ਹੈ। ਈਰਾਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਬੈਠਕ ਦਾ ਉਦੇਸ਼ ਸਮਝੌਤੇ 'ਤੇ ਦਸਤਖ਼ਤ ਕਰਨਾ ਨਹੀਂ, ਸਗੋਂ ਅੱਗੇ ਦੀ ਪ੍ਰਕਿਰਿਆ 'ਤੇ ਚਰਚਾ ਕਰਨਾ ਹੈ।
ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਦਸਤਾਵੇਜ਼ 'ਤੇ ਡਿਜ਼ਿਟਲ ਅਤੇ ਅਧਿਕਾਰਿਕ ਦਸਤਖ਼ਤ ਹੋ ਚੁੱਕੇ ਹਨ, ਇਸ ਲਈ ਸਵਿਟਜ਼ਰਲੈਂਡ ਵਿੱਚ ਕਿਸੇ ਵੱਖਰੇ ਦਸਤਖ਼ਤ ਸਮਾਰੋਹ ਦੀ ਲੋੜ ਨਹੀਂ ਰਹੀ।
ਤੇਲ ਨਿਰਯਾਤ ਅਤੇ ਆਰਥਿਕ ਪਾਬੰਦੀਆਂ ਵਿੱਚ ਰਾਹਤ ਦੀ ਉਮੀਦ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਦੇਸ਼ ਨੂੰ ਆਪਣੇ ਤੇਲ ਦੀ ਵਿਕਰੀ ਬਿਨਾਂ ਕਿਸੇ ਆਵਾਜਾਈ ਜਾਂ ਬੀਮਾ ਸੰਬੰਧੀ ਰੁਕਾਵਟ ਦੇ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਤੇਲ ਵਿਕਰੀ ਤੋਂ ਹੋਣ ਵਾਲੀ ਆਮਦਨ ਤੱਕ ਈਰਾਨ ਦੀ ਪੂਰੀ ਪਹੁੰਚ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨੇ ਈਰਾਨ ਦੀਆਂ ਜਮ੍ਹਾਂ ਸੰਪਤੀਆਂ ਤੱਕ ਪਹੁੰਚ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਈਰਾਨ ਦੀ ਇੱਛਾ ਹੈ ਕਿ ਉਹ ਆਪਣੇ ਤੇਲ ਦਾ ਨਿਰਯਾਤ ਖੁੱਲ੍ਹੇ ਤੌਰ 'ਤੇ ਕਰ ਸਕੇ ਅਤੇ ਇਸ ਨਾਲ ਹੋਣ ਵਾਲੀ ਆਮਦਨ ਸਿੱਧੀ ਉਸ ਨੂੰ ਪ੍ਰਾਪਤ ਹੋਵੇ।
ਦੋਵੇਂ ਦੇਸ਼ਾਂ ਨੂੰ ਵਰਤਣਾ ਹੋਵੇਗਾ ਸੰਯਮ
ਈਰਾਨ ਦਾ ਕਹਿਣਾ ਹੈ ਕਿ ਅਗਲੇ 60 ਦਿਨਾਂ ਤੱਕ ਦੋਵੇਂ ਦੇਸ਼ਾਂ ਨੂੰ ਸੰਯਮ ਵਰਤਣਾ ਹੋਵੇਗਾ ਤੇ ਕਿਸੇ ਵੀ ਅਜਿਹੇ ਰਾਜਨੀਤਿਕ, ਆਰਥਿਕ ਜਾਂ ਫੌਜੀ ਕਦਮ ਤੋਂ ਸਾਵਧਾਨੀ ਵਰਤਣੀ ਪਵੇਗੀ, ਜੋ ਸਮਝੌਤੇ ਦੇ ਲਾਗੂ ਹੋਣ ਜਾਂ ਆਪਸੀ ਭਰੋਸੇ ਨੂੰ ਨੁਕਸਾਨ ਪਹੁੰਚਾ ਸਕੇ।
ਦੱਸ ਦੇਈਏ ਕਿ ਮੌਜੂਦਾ ਸਮਝੌਤਾ ਇੱਕ ਸ਼ੁਰੂਆਤੀ ਢਾਂਚਾ ਹੈ। ਅਗਲੇ ਦੌਰ ਦੀਆਂ ਗੱਲਬਾਤਾਂ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਇਸ ਨੂੰ ਪੂਰਨ ਅਤੇ ਸਥਾਈ ਸਮਝੌਤੇ ਦਾ ਰੂਪ ਦਿੱਤਾ ਜਾ ਸਕਦਾ ਹੈ ਜਾਂ ਨਹੀਂ।