ਭਾਰਤੀ ਘਰਾਂ ਵਿੱਚ ਫ੍ਰਿਜ ਦੀ ਵਰਤੋਂ ਹੁਣ ਰੋਜ਼ਾਨਾ ਦੀ ਲੋੜ ਬਣ ਚੁੱਕੀ ਹੈ। ਦੁੱਧ, ਦਹੀਂ, ਫਲ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਤਾਜ਼ਾ ਰੱਖਣ ਲਈ ਲੋਕ ਫ੍ਰਿਜ ‘ਤੇ ਪੂਰੀ ਤਰ੍ਹਾਂ ਨਿਰਭਰ ਹੋ ਗਏ ਹਨ। ਪਰ ਕਈ ਵਾਰ ਲੋਕ ਜਾਣੇ-ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜੋ ਸਿਹਤ ਲਈ ਵੱਡੀ ਮੁਸੀਬਤ ਬਣ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵੱਡੀ ਗਲਤੀ ਬਾਜ਼ਾਰ ਤੋਂ ਲਿਆਂਦੀਆਂ ਸਬਜ਼ੀਆਂ ਨੂੰ ਉਸੇ ਪੌਲੀਥਿਨ ਵਿੱਚ ਫ੍ਰਿਜ ਅੰਦਰ ਰੱਖਣਾ ਵੀ ਹੈ। ਹੁਣ ਐਕਸਪਰਟਸ ਨੇ ਇਸ ਆਦਤ ਨੂੰ ਲੈ ਕੇ ਵੱਡੀ ਚੇਤਾਵਨੀ ਦਿੱਤੀ ਹੈ।
ਐਕਸਪਰਟਾਂ ਮੁਤਾਬਕ ਜਦੋਂ ਸਬਜ਼ੀਆਂ ਨੂੰ ਪੌਲੀਬੈਗ ਸਮੇਤ ਫ੍ਰਿਜ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਨਮੀ ਅਤੇ ਪਾਣੀ ਸਬਜ਼ੀਆਂ ਵਿੱਚ ਸਮਾ ਜਾਂਦਾ ਹੈ। ਇਸ ਕਾਰਨ ਸਬਜ਼ੀਆਂ ਗਿੱਲੀਆਂ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਵਿੱਚ ਬੈਕਟੀਰੀਆ ਤੇਜ਼ੀ ਨਾਲ ਵਧਣ ਲੱਗਦੇ ਹਨ। ਖਾਸ ਕਰਕੇ ਹਰੀ ਪੱਤੇਦਾਰ ਸਬਜ਼ੀਆਂ ਵਿੱਚ ਇਹ ਸਮੱਸਿਆ ਹੋਰ ਵੀ ਵੱਧ ਦੇਖੀ ਜਾਂਦੀ ਹੈ। ਜੇਕਰ ਅੱਧੀਆਂ ਕੱਟੀਆਂ ਸਬਜ਼ੀਆਂ ਨੂੰ ਪੌਲੀਥਿਨ ਵਿੱਚ ਬੰਦ ਕਰਕੇ ਰੱਖਿਆ ਜਾਵੇ ਤਾਂ ਇਹ ਸਿਹਤ ਲਈ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ।
ਦੇਹਰਾਦੂਨ ਦੇ ਕੈਲਾਸ਼ ਹਸਪਤਾਲ ਦੀ ਸੀਨੀਅਰ ਡਾਇਟੀਸ਼ਨ ਡਾਕਟਰ ਪਾਇਲ ਦੱਤ ਦੇ ਮੁਤਾਬਕ ਕੱਟੀਆਂ ਹੋਈਆਂ ਸਬਜ਼ੀਆਂ ਦੀ ਕੁਦਰਤੀ ਸੁਰੱਖਿਆ ਪਰਤ ਪਹਿਲਾਂ ਹੀ ਹਟ ਚੁੱਕੀ ਹੁੰਦੀ ਹੈ। ਅਜਿਹੇ ਵਿੱਚ ਜਦੋਂ ਉਨ੍ਹਾਂ ਨੂੰ ਪੌਲੀਥਿਨ ਵਿੱਚ ਬੰਦ ਕਰਕੇ ਫ੍ਰਿਜ ਵਿੱਚ ਰੱਖਿਆ ਜਾਂਦਾ ਹੈ ਤਾਂ ਹਵਾ ਦਾ ਪ੍ਰਵਾਹ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਆਕਸੀਜਨ ਨਾ ਮਿਲਣ ਕਾਰਨ ਸਬਜ਼ੀਆਂ ਵਿੱਚ ਥਾਇਲੀਨ ਗੈਸ ਬਣਣ ਲੱਗਦੀ ਹੈ, ਜਿਸ ਨਾਲ ਉਹ ਜਲਦੀ ਖਰਾਬ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੇ ਅੰਦਰਲੇ ਜ਼ਰੂਰੀ ਪੋਸ਼ਕ ਤੱਤ ਵੀ ਘਟਣ ਲੱਗਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਵਿਟਾਮਿਨ C ਅਤੇ D ਵਰਗੇ ਜ਼ਰੂਰੀ ਤੱਤ ਵੀ ਹੌਲੀ-ਹੌਲੀ ਘਟ ਜਾਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਫ੍ਰਿਜ ਵਿੱਚ ਰੱਖਣ ਨਾਲ ਸਬਜ਼ੀਆਂ ਲੰਬੇ ਸਮੇਂ ਤੱਕ ਤਾਜ਼ੀਆਂ ਰਹਿਣਗੀਆਂ, ਪਰ ਜੇਕਰ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸਟੋਰ ਕੀਤਾ ਜਾਵੇ ਤਾਂ ਉਹ ਸਿਹਤ ਲਈ ਖਤਰਾ ਬਣ ਸਕਦੀਆਂ ਹਨ। ਇਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ, ਫੂਡ ਪੌਇਜ਼ਨਿੰਗ ਅਤੇ ਇੰਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ।
ਐਕਸਪਰਟਸ ਸਲਾਹ ਦਿੰਦੇ ਹਨ ਕਿ ਬਾਜ਼ਾਰ ਤੋਂ ਸਬਜ਼ੀਆਂ ਅਤੇ ਫਲ ਲਿਆਂਦੇ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਕੁਝ ਸਮੇਂ ਲਈ ਪੱਖੇ ਹੇਠਾਂ ਜਾਂ ਹਲਕੀ ਧੁੱਪ ਵਿੱਚ ਸੁੱਕਣ ਲਈ ਰੱਖਣਾ ਚਾਹੀਦਾ ਹੈ। ਜਦੋਂ ਸਬਜ਼ੀਆਂ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਉਨ੍ਹਾਂ ਨੂੰ ਫ੍ਰਿਜ ਦੇ ਵੱਖਰੇ ਬਾਕਸ ਜਾਂ ਸਟੋਰੇਜ ਸੈਕਸ਼ਨ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਸਬਜ਼ੀਆਂ ਲੰਬੇ ਸਮੇਂ ਤੱਕ ਤਾਜ਼ੀਆਂ ਰਹਿੰਦੀਆਂ ਹਨ ਅਤੇ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ।