Courtesy: @ANINewsUP
ਉੱਤਰਾਖੰਡ: ਨਗਰਾਸੂ ਅਤੇ ਕਰਨਪ੍ਰਯਾਗ ਗੁਰਦੁਆਰਿਆਂ ਨਾਲ ਜੁੜੇ ਵਿਵਾਦ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਤਣਾਅ ਫਿਲਹਾਲ ਸ਼ਾਂਤ ਹੋ ਗਿਆ ਹੈ। ਨਿਹੰਗ ਸਿੰਘਾਂ ਅਤੇ ਉੱਤਰਾਖੰਡ ਪ੍ਰਸ਼ਾਸਨ ਵਿਚਾਲੇ ਰਾਤ ਭਰ ਗੱਲਬਾਤ ਚੱਲੀ, ਜਿਸਤੋਂ ਬਾਅਦ ਸਵੇਰੇ ਤੜਕੇ ਦੋਵੇਂ ਪੱਖਾਂ ਵਿੱਚ ਸਹਿਮਤੀ ਬਣ ਗਈ, ਜਿਸ ਤੋਂ ਬਾਅਦ ਨਿਹੰਗ ਜਥਿਆਂ ਨੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ। ਇਸ ਨਾਲ ਦੇਹਰਾਦੂਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਥਿਤੀ ਹੌਲੀ-ਹੌਲੀ ਆਮ ਹੋਣੀ ਸ਼ੁਰੂ ਹੋ ਗਈ।
ਪਹਿਲਾਂ ਹੀ ਕੀਤਾ ਗਿਆ ਸੀ ਉੱਤਰਾਖੰਡ ਵੱਲ ਕੂਚ ਦਾ ਐਲਾਨ
ਨਿਹੰਗ ਸਿੰਘਾਂ ਨੇ 25 ਜੂਨ ਨੂੰ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਉੱਤਰਾਖੰਡ ਵੱਲ ਰਵਾਨਾ ਹੋਣਗੇ। ਇਸ ਦਾ ਕਾਰਨ ਕਰਨਪ੍ਰਯਾਗ ਅਤੇ ਨਗਰਾਸੂ ਗੁਰਦੁਆਰਿਆਂ ਵਿੱਚ ਹੋਏ ਵਿਵਾਦ ਅਤੇ ਇਸ ਮਾਮਲੇ ਵਿੱਚ ਚਾਰ ਨਿਹੰਗ ਸਿੰਘਾਂ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਗਿਆ ਸੀ। ਜਥੇਬੰਦੀ ਦਾ ਕਹਿਣਾ ਸੀ ਕਿ ਉਹ ਆਪਣੇ ਸਾਥੀਆਂ ਲਈ ਇਨਸਾਫ਼ ਅਤੇ ਜ਼ਮਾਨਤ ਦੀ ਮੰਗ ਕਰਨ ਲਈ ਇਹ ਯਾਤਰਾ ਕਰ ਰਹੇ ਹਨ।
ਕੁਲਹਾਲ ਚੈੱਕ ਪੋਸਟ 'ਤੇ ਰੋਕਣ ਦੀ ਕੋਸ਼ਿਸ਼
ਨਿਹੰਗ ਸਿੰਘਾਂ ਦਾ ਜਥਾ ਹਿਮਾਚਲ-ਉੱਤਰਾਖੰਡ ਸਰਹੱਦ 'ਤੇ ਸਥਿਤ ਕੁਲਹਾਲ ਚੈੱਕ ਪੋਸਟ 'ਤੇ ਪਹੁੰਚਿਆ, ਜਿੱਥੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪਾਉਂਟਾ ਸਾਹਿਬ ਵਿੱਚ ਵੀ ਅਧਿਕਾਰੀਆਂ ਅਤੇ ਨਿਹੰਗਾਂ ਵਿਚਾਲੇ ਕਈ ਦੌਰ ਦੀ ਚਰਚਾ ਹੋਈ, ਪਰ ਜਥੇ ਨੇ ਆਪਣਾ ਅੱਗੇ ਵਧਣ ਦਾ ਫ਼ੈਸਲਾ ਨਹੀਂ ਬਦਲਿਆ ਅਤੇ ਉੱਤਰਾਖੰਡ ਵੱਲ ਰਵਾਨਾ ਹੋ ਗਿਆ।
ਨਿਹੰਗਾਂ ਨੇ ਸ਼ਾਂਤੀਪੂਰਨ ਮਕਸਦ ਹੋਣ ਦਾ ਕੀਤਾ ਦਾਅਵਾ
ਨਿਹੰਗ ਸਿੰਘਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਨਾ ਤਾਂ ਕਿਸੇ ਨਾਲ ਟਕਰਾਅ ਕਰਨਾ ਹੈ ਅਤੇ ਨਾ ਹੀ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਹੇਮਕੁੰਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਆਪਣੇ ਗ੍ਰਿਫ਼ਤਾਰ ਸਾਥੀਆਂ ਲਈ ਕਾਨੂੰਨੀ ਰਾਹਤ ਦੀ ਮੰਗ ਕਰ ਰਹੇ ਹਨ।
ਜਥੇ ਵੱਖ-ਵੱਖ ਸਮੂਹਾਂ ਵਿੱਚ ਵੰਡੇ ਗਏ
ਗੱਲਬਾਤ ਤੋਂ ਬਾਅਦ ਲਗਭਗ 50 ਨਿਹੰਗ ਮੋਟਰਸਾਈਕਲਾਂ ਰਾਹੀਂ ਦੇਹਰਾਦੂਨ ਵੱਲ ਚਲੇ ਗਏ, ਜਦਕਿ ਕਰੀਬ 150 ਨਿਹੰਗ ਪਾਉਂਟਾ ਸਾਹਿਬ ਵਾਪਸ ਪਰਤ ਗਏ। ਕੁਝ ਹੋਰ ਨਿਹੰਗ ਛੋਟੇ-ਛੋਟੇ ਸਮੂਹਾਂ ਵਿੱਚ ਵੱਖ-ਵੱਖ ਰਸਤਿਆਂ ਰਾਹੀਂ ਰਵਾਨਾ ਹੋਏ।
ਦੇਹਰਾਦੂਨ ਵਿੱਚ ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
ਨਿਹੰਗ ਜਥਿਆਂ ਦੇ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਦੇਹਰਾਦੂਨ ਦੇ ਪ੍ਰੇਮਨਗਰ ਸਮੇਤ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਨੇ ਪਹਿਲਾਂ ਹੀ ਵੱਡੇ ਪੱਧਰ 'ਤੇ ਸੁਰੱਖਿਆ ਪ੍ਰਬੰਧ ਕਰ ਦਿੱਤੇ ਸਨ। ਵੱਖ-ਵੱਖ ਥਾਵਾਂ 'ਤੇ ਬੈਰੀਕੇਡ ਲਗਾਏ ਗਏ ਅਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ।
ਰਿਸ਼ੀਕੇਸ਼ ਵੱਲ ਜਾਣ ਨਾਲ ਮਚੀ ਹਲਚਲ
ਇਸ ਦੌਰਾਨ ਕੁਝ ਨਿਹੰਗ ਪੁਲਿਸ ਦੀ ਨਿਗਰਾਨੀ ਤੋਂ ਬਚਦੇ ਹੋਏ ਰਿਸ਼ੀਕੇਸ਼ ਵੱਲ ਨਿਕਲ ਗਏ, ਜਿਸ ਕਾਰਨ ਉੱਥੇ ਵੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਰਾਤ ਕਰੀਬ 12 ਵਜੇ ਜੋਗੀਵਾਲਾ ਚੈੱਕ ਪੋਸਟ 'ਤੇ ਦੇਹਰਾਦੂਨ-ਰਿਸ਼ੀਕੇਸ਼ ਹਾਈਵੇਅ ਅਤੇ ਹੋਰ ਮੁੱਖ ਰਸਤਿਆਂ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ। ਇਸ ਕਾਰਨ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੰਮੇ ਟ੍ਰੈਫਿਕ ਜਾਮ ਲੱਗ ਗਏ।
ਜਦੋਂ ਨਿਹੰਗ ਜਥਾ ਜੋਗੀਵਾਲਾ ਚੈੱਕ ਪੋਸਟ 'ਤੇ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ, ਜਿਸ ਤੋਂ ਬਾਅਦ ਉਹ ਵੱਖ-ਵੱਖ ਦਿਸ਼ਾਵਾਂ ਵਿੱਚ ਚਲੇ ਗਏ।
ਗੁਰਦੁਆਰੇ ਵਿੱਚ ਹੋਈ ਰਾਤ ਭਰ ਮੀਟਿੰਗ
ਬਾਅਦ ਵਿੱਚ ਕੁਝ ਨਿਹੰਗ ਸਿੰਘਾਂ ਨੂੰ ਦੇਹਰਾਦੂਨ ਦੇ ਰੇਸ ਕੋਰਸ ਸਥਿਤ ਗੁਰਦੁਆਰੇ ਵਿੱਚ ਠਹਿਰਾਇਆ ਗਿਆ। ਗੁਰਦੁਆਰੇ ਦੇ ਬਾਹਰ ਪੁਲਿਸ ਦੀ ਸਖ਼ਤ ਤਾਇਨਾਤੀ ਕੀਤੀ ਗਈ। ਇੱਥੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਿਚਾਲੇ ਰਾਤ ਭਰ ਗੱਲਬਾਤ ਚੱਲੀ। ਆਖ਼ਰਕਾਰ ਸਵੇਰੇ ਕਰੀਬ 3:30 ਵਜੇ ਸਹਿਮਤੀ ਬਣ ਗਈ ਅਤੇ ਨਿਹੰਗ ਸਿੰਘਾਂ ਨੇ ਪਾਉਂਟਾ ਸਾਹਿਬ ਵਾਪਸ ਜਾਣ ਲਈ ਮਨਜ਼ੂਰੀ ਦੇ ਦਿੱਤੀ।
ਸਿੱਖ ਸਮਾਜ ਦੇ ਨੁਮਾਇੰਦੇ ਨੇ ਦਿੱਤੀ ਪ੍ਰਤੀਕਿਰਿਆ
ਗੱਲਬਾਤ ਵਿੱਚ ਸ਼ਾਮਲ ਸਿੱਖ ਸਮਾਜ ਦੇ ਨੁਮਾਇੰਦੇ ਅਤੇ ਕਾਂਗਰਸ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਨਿਹੰਗਾਂ ਦਾ ਮਕਸਦ ਕਿਸੇ ਤਰ੍ਹਾਂ ਦਾ ਤਣਾਅ ਜਾਂ ਟਕਰਾਅ ਪੈਦਾ ਕਰਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਭਾਈਚਾਰੇ ਅਤੇ ਪਹਾੜੀ ਲੋਕਾਂ ਵਿਚਾਲੇ ਟਕਰਾਅ ਦਾ ਨਹੀਂ ਸੀ, ਸਗੋਂ ਕੁਝ ਬਿਆਨਾਂ ਅਤੇ ਗਲਤਫਹਿਮੀਆਂ ਕਾਰਨ ਸਥਿਤੀ ਵਿਗੜ ਗਈ ਸੀ।
ਉਨ੍ਹਾਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ, ਹਾਲਾਂਕਿ ਇਹ ਵੀ ਕਿਹਾ ਕਿ ਸ਼ੁਰੂਆਤੀ ਪੜਾਅ ਵਿੱਚ ਕੁਝ ਪ੍ਰਸ਼ਾਸਕੀ ਕਮੀਆਂ ਕਾਰਨ ਵਿਵਾਦ ਨੇ ਵੱਡਾ ਰੂਪ ਧਾਰ ਲਿਆ।
ਪ੍ਰਸ਼ਾਸਨ ਨੇ ਦੱਸਿਆ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ
ਜ਼ਿਲ੍ਹਾ ਮੈਜਿਸਟ੍ਰੇਟ ਆਸ਼ੀਸ਼ ਚੌਹਾਨ ਅਤੇ ਸੀਨੀਅਰ ਪੁਲਿਸ ਅਧਿਕਾਰੀ ਪ੍ਰਮੇੰਦਰ ਡੋਬਾਲ ਨੇ ਕਿਹਾ ਕਿ ਪੂਰੇ ਮਾਮਲੇ ਨੂੰ ਸੰਯਮ ਅਤੇ ਆਪਸੀ ਗੱਲਬਾਤ ਰਾਹੀਂ ਸੰਭਾਲਿਆ ਗਿਆ। ਉਨ੍ਹਾਂ ਦੱਸਿਆ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਰਹੀ ਅਤੇ ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਵਿੱਚ ਪ੍ਰਸ਼ਾਸਨ ਨੂੰ ਸਫਲਤਾ ਮਿਲੀ।