ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਯੰਗ ਇੰਡੀਆ ਦੀ 751.9 ਕਰੋੜ ਰੁਪਏ ਦੀ ਜਾਇਦਾਦ ਕੁਰਕ ਦਿੱਤੀ ਹੈ। ਇਸ ਕੰਪਨੀ ਵਿੱਚ ਸੋਨੀਆ-ਰਾਹੁਲ ਗਾਂਧੀ ਦੀ 76% ਹਿੱਸੇਦਾਰੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਦੇ ਮਾਮਲੇ 'ਚ ਕੀਤੀ ਗਈ ਹੈ।
ਕਾਬਿਲੇ ਗੌਰ ਹੈ ਕਿ ਈਡੀ ਨੇ 3 ਅਗਸਤ 2022 ਨੂੰ ਦਿੱਲੀ ਦੇ ਹੇਰਾਲਡ ਬਿਲਡਿੰਗ ਵਿੱਚ ਸਥਿਤ ਯੰਗ ਇੰਡੀਆ ਕੰਪਨੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਪਿਛਲੇ ਸਾਲ 2 ਅਤੇ 3 ਅਗਸਤ ਨੂੰ ਈਡੀ ਦੀ ਟੀਮ ਨੇ ਸਵੇਰ ਤੋਂ ਦੇਰ ਸ਼ਾਮ ਤੱਕ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਨੈਸ਼ਨਲ ਹੈਰਾਲਡ ਦੇ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਸੋਨੀਆ ਅਤੇ ਰਾਹੁਲ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ।
ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ
ਈਡੀ ਦਾ ਕਹਿਣਾ ਹੈ ਕਿ ਉਸ ਨੇ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਪੁੱਛਗਿੱਛ ਕਰਕੇ ਸਾਰਿਆਂ ਦੇ ਬਿਆਨ ਦਰਜ ਕੀਤੇ ਹਨ। ਇਸੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਿਆ ਹੈ ਕਿ ਯੰਗ ਇੰਡੀਆ ਕੋਲ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਦੀ ਮਲਕੀਅਤ ਵਾਲੀ 661.69 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਹਨ।
ਇਹ ਹਨ ਆਰੋਪ
ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਆਰੋਪ ਲਾਇਆ ਹੈ ਕਿ ਕਾਂਗਰਸ ਨੇ ਨੈਸ਼ਨਲ ਹੈਰਾਲਡ ਚਲਾਉਣ ਵਾਲੀ ਏਜੇਐਲ ਤੋਂ 90 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਦਾ ਅਧਿਕਾਰ ਯੰਗ ਇੰਡੀਆ ਲਿਮਟਿਡ (ਵਾਈਆਈਐਲ) ਨੂੰ ਟਰਾਂਸਫਰ ਕਰ ਦਿੱਤਾ ਅਤੇ ਯੰਗ ਇੰਡੀਆ ਲਿਮਟਿਡ ਨੇ 2,000 ਕਰੋੜ ਰੁਪਏ ਦੀ ਜਾਇਦਾਦ ਕਾਂਗਰਸ ਪਾਰਟੀ ਨੂੰ 50 ਲੱਖ ਵਿੱਚ ਸੌਂਪ ਦਿੱਤੀ। ਸਵਾਮੀ ਦਾ ਆਰੋਪ ਹੈ ਕਿ ਰਾਹੁਲ-ਸੋਨੀਆ ਦੀ ਯੰਗ ਇੰਡੀਆ ਲਿਮਟਿਡ ਨੇ ਨੈਸ਼ਨਲ ਹੈਰਾਲਡ ਚਲਾਉਣ ਵਾਲੀ ਏਜੇਐਲ ਕੰਪਨੀ 'ਤੇ ਕਾਂਗਰਸ ਵੱਲੋਂ ਬਕਾਇਆ 90 ਕਰੋੜ ਰੁਪਏ ਦਾ ਕਰਜ਼ਾ ਮੋੜਨ ਲਈ 50 ਲੱਖ ਰੁਪਏ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ ਕਾਂਗਰਸ ਨੇ ਏਜੇਐਲ ਤੋਂ ਬਾਕੀ 89.50 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ।