Courtesy: pinterest
ਚੰਡੀਗੜ੍ਹ: ਹਰਿਆਣਾ ਦੇ ਸਰਕਾਰੀ ਵਿਭਾਗਾਂ, ਚੰਡੀਗੜ੍ਹ ਨਗਰ ਨਿਗਮ ਅਤੇ ਕਰੈਸਟ ਨਾਲ ਜੁੜੇ ਖਾਤਿਆਂ ਵਿੱਚ ਹੋਏ ਕਰੋੜਾਂ ਰੁਪਏ ਦੇ ਬੈਂਕ ਘਪਲੇ ਦੀ ਜਾਂਚ ਹੁਣ ਅਹਿਮ ਮੋੜ 'ਤੇ ਪਹੁੰਚ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਜਲਦ ਹੀ ਵੱਡੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਾਂਚ ਦੇ ਘੇਰੇ ਵਿੱਚ ਆਏ ਕਈ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਕੁਝ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ, ਉੱਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ।
116 ਕਰੋੜ ਰੁਪਏ ਦੇ ਘਪਲੇ ਦੀ ਗਹਿਰਾਈ ਨਾਲ ਜਾਂਚ
ਚੰਡੀਗੜ੍ਹ ਨਗਰ ਨਿਗਮ ਅਤੇ ਸਮਾਰਟ ਸਿਟੀ ਲਿਮਟਿਡ ਨਾਲ ਸੰਬੰਧਿਤ ਕਰੀਬ 116 ਕਰੋੜ ਰੁਪਏ ਦੇ ਬੈਂਕ ਘਪਲੇ ਦੀ ਜਾਂਚ ਹੁਣ ਨਿਰਣਾਇਕ ਪੜਾਅ ਵਿੱਚ ਦਾਖਲ ਹੋ ਚੁੱਕੀ ਹੈ। ਸ਼ੁਰੂਆਤੀ ਜਾਂਚ ਤੋਂ ਹੀ ਕਈ ਸੀਨੀਅਰ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਸਨ ਅਤੇ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਵੀ ਕੀਤੀ ਗਈ। ਹਾਲਾਂਕਿ, ਹੁਣ ਤੱਕ ਉਨ੍ਹਾਂ ਨੂੰ ਨਾ ਤਾਂ ਅਧਿਕਾਰਿਕ ਤੌਰ 'ਤੇ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਸੀ।
ਹਰਿਆਣਾ ਦੇ 650 ਕਰੋੜ ਦੇ ਘਪਲੇ ਨਾਲ ਜੁੜੇ ਤਾਰ
ਹਾਲ ਹੀ ਵਿੱਚ ਹਰਿਆਣਾ ਵਿੱਚ ਸਾਹਮਣੇ ਆਏ 650 ਕਰੋੜ ਰੁਪਏ ਦੇ ਇੱਕ ਹੋਰ ਬੈਂਕ ਘਪਲੇ ਵਿੱਚ ਸੀਬੀਆਈ ਨੇ ਪੰਚਕੂਲਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਆਰ.ਕੇ. ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਅਤੇ ਹਰਿਆਣਾ ਦੇ ਇਹ ਦੋਵੇਂ ਮਾਮਲੇ ਆਪਸ ਵਿੱਚ ਕਈ ਪੱਧਰਾਂ 'ਤੇ ਜੁੜੇ ਹੋਏ ਹੋ ਸਕਦੇ ਹਨ।
ਇਸ ਕਰਕੇ ਸੀਬੀਆਈ ਦੋਹਾਂ ਮਾਮਲਿਆਂ ਦੀ ਜਾਂਚ ਨੂੰ ਇੱਕ-ਦੂਜੇ ਨਾਲ ਜੋੜ ਕੇ ਦੇਖ ਰਹੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਪਿਛਲੇ ਮਹੀਨੇ ਸੀਬੀਆਈ ਨੇ ਸੰਭਾਲੀ ਜਾਂਚ
ਇਹ ਮਾਮਲਾ ਪਹਿਲਾਂ ਚੰਡੀਗੜ੍ਹ ਪੁਲਿਸ ਕੋਲ ਸੀ, ਪਰ ਪਿਛਲੇ ਮਹੀਨੇ ਸੀਬੀਆਈ ਨੇ ਇਸ ਸਬੰਧੀ ਐਫਆਈਆਰ ਦਰਜ ਕਰਕੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਜਾਂਚ ਦੌਰਾਨ ਇਹ ਦਾਅਵਾ ਸਾਹਮਣੇ ਆਇਆ ਕਿ ਸਮਾਰਟ ਸਿਟੀ ਪ੍ਰੋਜੈਕਟ ਨਾਲ ਜੁੜੀਆਂ ਫਿਕਸਡ ਡਿਪਾਜ਼ਿਟਾਂ (ਐਫਡੀਜ਼) ਵਿੱਚ ਜਮ੍ਹਾਂ ਕੀਤੀ ਗਈ ਵੱਡੀ ਰਕਮ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਦੋਸ਼ ਹੈ ਕਿ ਇਹ ਪੈਸਾ ਖਾਤਿਆਂ ਵਿਚੋਂ ਕੱਢ ਕੇ ਨਿੱਜੀ ਮਕਸਦਾਂ ਲਈ ਵਰਤਿਆ ਗਿਆ ਅਤੇ ਬਾਅਦ ਵਿੱਚ ਰਿਕਾਰਡਾਂ ਵਿੱਚ ਹੇਰਾਫੇਰੀ ਕਰਕੇ ਜਾਲੀ ਐਫਡੀ ਦਸਤਾਵੇਜ਼ ਤਿਆਰ ਕੀਤੇ ਗਏ।
ਜਾਲੀ ਐਫਡੀ ਰਸੀਦਾਂ ਨੇ ਖੋਲ੍ਹਿਆ ਰਾਜ
ਸਮਾਰਟ ਸਿਟੀ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਬਚੀ ਹੋਈ ਗ੍ਰਾਂਟ ਅਤੇ ਬੈਂਕ ਜਮ੍ਹਾਂ ਰਕਮ ਨੂੰ ਨਗਰ ਨਿਗਮ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਣਾ ਸੀ। ਇਸ ਪ੍ਰਕਿਰਿਆ ਦੌਰਾਨ ਜਦੋਂ ਬੈਂਕ ਰਿਕਾਰਡਾਂ ਦੀ ਜਾਂਚ ਕੀਤੀ ਗਈ ਤਾਂ ਆਈਡੀਐਫਸੀ ਫਸਟ ਬੈਂਕ ਵਿੱਚ ਦਰਸਾਈਆਂ ਗਈਆਂ ਕਈ ਐਫਡੀ ਰਸੀਦਾਂ ਜਾਲੀ ਪਾਈਆਂ ਗਈਆਂ।
ਅੱਗੇ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਐਫਡੀਜ਼ ਵਿੱਚ ਪੈਸਾ ਮੌਜੂਦ ਦਿਖਾਇਆ ਜਾ ਰਿਹਾ ਸੀ, ਉਹ ਰਕਮ ਪਹਿਲਾਂ ਹੀ ਕੱਢੀ ਜਾ ਚੁੱਕੀ ਸੀ। ਇਸ ਖੁਲਾਸੇ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ।
ਸ਼ੈੱਲ ਕੰਪਨੀਆਂ ਰਾਹੀਂ ਪੈਸੇ ਦੀ ਹੇਰਾਫੇਰੀ
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਕੱਢੀ ਗਈ ਰਕਮ ਨੂੰ ਵੱਖ-ਵੱਖ ਸ਼ੈੱਲ ਕੰਪਨੀਆਂ ਦੇ ਖਾਤਿਆਂ ਵਿੱਚ ਭੇਜਿਆ ਗਿਆ। ਇਸ ਤੋਂ ਬਾਅਦ ਇਸ ਪੈਸੇ ਨੂੰ ਰੀਅਲ ਐਸਟੇਟ ਅਤੇ ਹੋਰ ਕਾਰੋਬਾਰੀ ਖੇਤਰਾਂ ਵਿੱਚ ਨਿਵੇਸ਼ ਕਰਕੇ ਵੱਡਾ ਮੁਨਾਫ਼ਾ ਕਮਾਇਆ ਗਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ, ਜਿਸ ਤੋਂ ਬਾਅਦ ਜਾਂਚ ਦਾ ਦਾਇਰਾ ਲਗਾਤਾਰ ਵਧਦਾ ਗਿਆ।
10 ਤੋਂ ਵੱਧ ਗ੍ਰਿਫ਼ਤਾਰੀਆਂ, ਜਾਂਚ ਜਾਰੀ
ਸੀਬੀਆਈ ਇਸ ਸਮੇਂ ਵਿੱਤੀ ਲੈਣ-ਦੇਣ, ਬੈਂਕ ਰਿਕਾਰਡਾਂ, ਸ਼ੈੱਲ ਕੰਪਨੀਆਂ ਦੇ ਨੈੱਟਵਰਕ ਅਤੇ ਸੰਬੰਧਿਤ ਅਧਿਕਾਰੀਆਂ ਦੀ ਭੂਮਿਕਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਇਸ ਮਾਮਲੇ ਵਿੱਚ ਹੁਣ ਤੱਕ 10 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਨਾਲ ਜੁੜੇ ਅਧਿਕਾਰੀ ਅਤੇ ਆਈਡੀਐਫਸੀ ਫਸਟ ਬੈਂਕ ਦੇ ਕੁਝ ਕਰਮਚਾਰੀ ਵੀ ਸ਼ਾਮਲ ਹਨ।
ਜਾਂਚ ਏਜੰਸੀਆਂ ਦਾ ਧਿਆਨ ਹੁਣ ਇਸ ਗੱਲ 'ਤੇ ਕੇਂਦਰਿਤ ਹੈ ਕਿ ਘਪਲੇ ਦੀ ਯੋਜਨਾ ਕਿਵੇਂ ਬਣਾਈ ਗਈ, ਇਸ ਵਿੱਚ ਕੌਣ-ਕੌਣ ਸ਼ਾਮਲ ਸੀ ਅਤੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦਾ ਅਸਲ ਪੈਮਾਨਾ ਕਿੰਨਾ ਵੱਡਾ ਹੈ। ਸੀਬੀਆਈ ਦੀ ਅਗਲੀ ਕਾਰਵਾਈ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।