ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਤੋਂ ਵਰਚੁਅਲ ਮੀਡੀਆ ਕਾਨਫਰੰਸ ਰਾਹੀਂ ਅੰਤਰਰਾਸ਼ਟਰੀ ਸੰਵਾਦ ਦੌਰਾਨ ਕਿਹਾ ਕਿ ਉਹ ਦਸੰਬਰ 2026 ਵਿੱਚ ਆਪਣੇ ਦੇਸ਼ ਵਾਪਸ ਪਰਤਣ ਦਾ ਇਰਾਦਾ ਰੱਖਦੀਆਂ ਹਨ। ਉਨ੍ਹਾਂ ਇਸ ਮਹੀਨੇ ਨੂੰ ‘ਜਿੱਤ ਦਾ ਮਹੀਨਾ’ ਕਰਾਰ ਦਿੱਤਾ ਅਤੇ ਬੰਗਲਾਦੇਸ਼ ਦੀ ਮੌਜੂਦਾ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ।
ਸ਼ੇਖ ਹਸੀਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ, ਪਰ ਉਹ ਕਦੀ ਵੀ ਆਪਣੇ ਲੋਕਾਂ ਤੋਂ ਅਲੱਗ ਮਹਿਸੂਸ ਨਹੀਂ ਕੀਤਾ। ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹ ਕਈ ਵਾਰ ਭਾਵੁਕ ਹੋਈਆਂ ਅਤੇ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਬੰਗਲਾਦੇਸ਼ ਦੇ ਲੋਕਾਂ ਨਾਲ ਗੁਜ਼ਰੀ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬੰਗਲਾਦੇਸ਼ ਉਹ ਨਹੀਂ ਰਿਹਾ, ਜਿਸ ਨੂੰ ਉਨ੍ਹਾਂ ਦੀ ਸਰਕਾਰ ਅਤੇ ਲੋਕਾਂ ਨੇ ਮਿਲ ਕੇ ਬਣਾਇਆ ਸੀ। ਉਨ੍ਹਾਂ 1971 ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ 30 ਲੱਖ ਲੋਕਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਮੌਜੂਦਾ ਹਾਕਮਾਂ ਨੇ ਦੇਸ਼ ਨੂੰ ਗ਼ਲਤ ਦਿਸ਼ਾ ਵਿੱਚ ਧੱਕ ਦਿੱਤਾ ਹੈ।
ਸ਼ੇਖ ਹਸੀਨਾ ਨੇ ਜੁਲਾਈ-ਅਗਸਤ 2024 ਦੇ ਵਿਦਿਆਰਥੀ ਅੰਦੋਲਨ ਨੂੰ 'ਅਸ਼ਾਂਤੀਪੂਰਨ' ਅਤੇ 'ਸੰਗਠਿਤ ਸਾਜ਼ਿਸ਼' ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਗੱਲਬਾਤ ਅਤੇ ਕਾਨੂੰਨੀ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਸਮੂਹਾਂ ਨੇ ਸੁਧਾਰਾਂ ਦਾ ਨਾਅਰਾ ਲਾ ਕੇ ਇਸ ਨੂੰ ਹਿੰਸਕ ਰਾਜਨੀਤੀ ਦਾ ਰੂਪ ਦੇ ਦਿੱਤਾ।
ਸ਼ੇਖ ਹਸੀਨਾ ਨੇ ਮੁਹੰਮਦ ਯੂਨੁਸ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਇੱਕ 'ਮਾਸਟਰਮਾਈਂਡ' ਇਸ ਦੀ ਰਹਿਨੁਮਾਈ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਪਿੱਛੇ ਚੋਣਾਂ ਤੋਂ ਇਲਾਵਾ ਹੋਰ ਰਾਹੀਂ ਸੱਤਾ ਹਥਿਆਉਣ ਦੀ ਕੋਸ਼ਿਸ਼ ਸੀ।
ਹਸੀਨਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਵਾਪਸੀ ਦਾ ਉਦੇਸ਼ ਸੱਤਾ 'ਤੇ ਕਬਜ਼ਾ ਕਰਨਾ ਨਹੀਂ, ਸਗੋਂ ਬੰਗਲਾਦੇਸ਼ ਨੂੰ ਵਿਕਾਸ, ਅਮਨ ਅਤੇ ਧਰਮ ਨਿਰਪੱਖਤਾ ਦੇ ਰਾਹ 'ਤੇ ਮੁੜ ਲਿਆਉਣਾ ਹੈ। ਉਨ੍ਹਾਂ ਅਵਾਮੀ ਲੀਗ 'ਤੇ ਲੱਗੀ ਪਾਬੰਦੀ ਹਟਾਉਣ ਦੀ ਵੀ ਮੰਗ ਕੀਤੀ।
ਪ੍ਰੈੱਸ ਕਾਨਫਰੰਸ ਵਿੱਚ ਹਸੀਨਾ ਦੇ ਬੇਟੇ ਸਜੀਬ ਵਾਜੇਦ ਨੇ ਵਰਚੁਅਲ ਰਾਹੀਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਬੰਗਲਾਦੇਸ਼ ਵਾਪਸੀ ਦਾ ਫੈਸਲਾ ਪੱਕਾ ਕਰ ਲਿਆ ਹੈ। ਉਨ੍ਹਾਂ ਮੁ੍ਹੰਮਦ ਯੂਨੁਸ ਦੀ ਅਗਵਾਈ 'ਚ ਰਾਜਨੀਤਿਕ ਹੱਤਿਆਵਾਂ ਅਤੇ ਕਾਨੂੰਨੀ ਪ੍ਰਕਿਰਿਆ ਨਾ ਅਪਣਾਏ ਜਾਣ ਦੇ ਦੋਸ਼ ਲਾਏ।
ਸਜੀਬ ਵਾਜੇਦ ਨੇ ਦਾਅਵਾ ਕੀਤਾ ਕਿ 5 ਅਗਸਤ 2024 ਤੋਂ ਬਾਅਦ ਬੰਗਲਾਦੇਸ਼ ਵਿੱਚ ਰਾਜਨੀਤਿਕ ਹੱਤਿਆਵਾਂ ਨੂੰ ਜਾਇਜ਼ ਠਹਿਰਾਇਆ ਗਿਆ ਹੈ ਅਤੇ ਪੁਲਿਸ ਹਿਰਾਸਤ 'ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ।