Courtesy: X@Kashmir_Weather
ਕਿਸ਼ਤਵਾੜ: ਕਿਸ਼ਤਵਾੜ-ਜੰਮੂ ਦੇ ਕਿਸ਼ਤਵਾੜ ਅਤੇ ਡੋਡਾ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚਿੱਕੜ ਅਤੇ ਚੱਟਾਨਾਂ ਦਾ ਹੜ੍ਹ ਆ ਗਿਆ, ਜਿਸ ਨਾਲ ਨਿਰਮਾਣ ਅਧੀਨ ਕਵਾਰ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਨੇੜੇ ਖੜ੍ਹੇ ਵਾਹਨ ਅਤੇ ਨਿਰਮਾਣ ਉਪਕਰਣ ਦੱਬ ਗਏ ਤੇ ਕਈ ਇਮਾਰਤਾਂ ਢਹਿ ਗਈਆਂ। ਇਸ ਆਫ਼ਤ ਕਾਰਣ ਮੱਚੀ ਤਬਾਹੀ ਨਾਲ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗ 244 ਇਸ ਸਮੇਂ ਬੰਦ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹੈ।
ਇਸ ਘਟਨਾ ਨਾਲ ਨਿਰਮਾਣ ਸਮੱਗਰੀ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਰਹੀ ਕਿ ਘਟਨਾ ਸਮੇਂ ਪ੍ਰੋਜੈਕਟ ਸਥਾਨ 'ਤੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।
ਨੈਸ਼ਨਲ ਹਾਈਵੇ-244 ਬੰਦ
ਡੋਡਾ-ਕਿਸ਼ਤਵਾੜ ਸੜਕ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਚਿੱਕੜ, ਮਲਬੇ ਅਤੇ ਚੱਟਾਨਾਂ ਢੇਰ ਹੇਠ ਕਈ ਗੱਡੀਆਂ ਦੱਬ ਗਈਆਂ ਹਨ। ਇਸ ਮਗਰੋਂ ਨੈਸ਼ਨਲ ਹਾਈਵੇ-244 ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸੜਕ ਤੋਂ ਮਲਬਾ ਹਟਾਉਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ।
ਅਧਿਕਾਰੀਆਂ ਮੁਤਾਬਕ ਸੋਮਵਾਰ ਦੌਰਾਨ ਮੌਸਮ ਸਾਫ਼ ਰਿਹਾ, ਜਿਸ ਨਾਲ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੀ। ਇਸ ਵੇਲੇ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ, ਹਾਲਾਂਕਿ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦਾ ਕੰਮ ਲਗਾਤਾਰ ਜਾਰੀ ਹੈ।
ਡੋਡਾ ਜ਼ਿਲ੍ਹੇ ਦੇ ਪ੍ਰੇਮ ਨਗਰ ਦੇ ਉੱਪਰੀ ਇਲਾਕਿਆਂ ਵਿੱਚ ਵੀ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇੱਥੇ ਬਾਜ਼ਾਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਅਤੇ ਵੱਡੀ ਮਾਤਰਾ ਵਿੱਚ ਚਿੱਕੜ ਤੇ ਪਾਣੀ ਇਕੱਠਾ ਹੋ ਗਿਆ। ਕਈ ਵਾਹਨ ਮਲਬੇ ਵਿੱਚ ਫਸ ਗਏ, ਜਦਕਿ ਨੇੜਲੇ ਨਾਲੇ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਹੇਠਲੇ ਇਲਾਕਿਆਂ ਵਿੱਚ ਸਥਿਤ ਕੁਝ ਘਰਾਂ ਅਤੇ ਇੱਕ ਮੰਦਰ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਪ੍ਰਭਾਵਿਤ ਖੇਤਰਾਂ ਵਿੱਚ ਫਸੇ ਵਾਹਨਾਂ ਨੂੰ ਬਾਹਰ ਕੱਢਣ ਅਤੇ ਮਲਬਾ ਹਟਾਉਣ ਲਈ ਰਾਹਤ ਕਾਰਜ ਜਾਰੀ ਹਨ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਹਾਲ ਨੈਸ਼ਨਲ ਹਾਈਵੇ-244 ਦੀ ਵਰਤੋਂ ਕਰਨ ਤੋਂ ਬਚਣ ਅਤੇ ਯਾਤਰਾ ਤੋਂ ਪਹਿਲਾਂ ਟ੍ਰੈਫਿਕ ਸਬੰਧੀ ਅਧਿਕਾਰਿਕ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਿਆਸੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਵੀ ਅਚਾਨਕ ਆਏ ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਤੋਂ ਇਲਾਵਾ ਚਿਨੈਨੀ ਦੇ ਬੱਪ ਪਿੰਡ ਨੇੜੇ ਭਾਰੀ ਮੀਂਹ ਕਾਰਨ ਮਾਂਤਲਾਈ-ਲਾਟੀ ਸੜਕ ਦਾ ਇੱਕ ਹਿੱਸਾ ਅਚਾਨਕ ਧੱਸ ਗਿਆ, ਜਿਸ ਕਾਰਨ ਇਹ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਸੜਕਾਂ ਨੂੰ ਮੁੜ ਚਾਲੂ ਕਰਨ ਅਤੇ ਆਮ ਜਨਜੀਵਨ ਬਹਾਲ ਕਰਨ ਲਈ ਯੁੱਧ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।