menu-icon
Punjabi Story Line
  • Home
  • News
  • National
  • Swiggy Instamart ‘ਤੇ FSSAI ਦਾ ਸ਼ਿਕੰਜਾ, 9 ਨੋਟਿਸ ਜਾਰੀ, ਖਰਾਬ-ਐਕਸਪਾਇਰ ਚੀਜ਼ਾਂ ਸਪਲਾਈ ਕਰਨ ਦੇ ਦੋਸ਼

Swiggy Instamart ‘ਤੇ FSSAI ਦਾ ਸ਼ਿਕੰਜਾ, 9 ਨੋਟਿਸ ਜਾਰੀ, ਖਰਾਬ-ਐਕਸਪਾਇਰ ਚੀਜ਼ਾਂ ਸਪਲਾਈ ਕਰਨ ਦੇ ਦੋਸ਼

ਕਵਿਕ ਕਾਮਰਸ ਕੰਪਨੀ Swiggy Instamart ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖਾਦ ਸੁਰੱਖਿਆ ਨਿਯਾਮਕ FSSAI ਨੇ ਗਾਹਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੂੰ 9 ਨੋਟਿਸ ਭੇਜ ਕੇ ਸਖ਼ਤੀ ਵਰਤੀ ਹੈ। ਦੋਸ਼ ਹੈ ਕਿ ਐਕਸਪਾਇਰ, ਸੜੇ-ਗਲੇ ਅਤੇ ਦੂਸ਼ਿਤ ਖਾਦ ਪਦਾਰਥ ਗਾਹਕਾਂ ਨੂੰ ਡਿਲੀਵਰ ਕੀਤੇ ਗਏ, ਜਦਕਿ ਕੁਝ ਉਤਪਾਦ ਅਣਅਧਿਕਾਰਤ ਬ੍ਰਾਂਡ ਨਾਂ ਹੇਠ ਵੇਚੇ ਗਏ। FSSAI ਨੇ ਕੰਪਨੀ ਨੂੰ ਪੂਰੀ ਰਿਪੋਰਟ ਅਤੇ ਜਵਾਬ ਮੰਗਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ 'ਤੇ ਜਵਾਬ ਨਾ ਆਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

Date Updated Last Updated : 11 July 2026, 06:35 PM IST
Share:

Swiggy Instamart ‘ਤੇ ਖਾਦ ਸੁਰੱਖਿਆ ਨੂੰ ਲੈ ਕੇ ਵੱਡੀ ਕਾਰਵਾਈ ਹੋਈ ਹੈ। FSSAI ਨੇ ਕੰਪਨੀ ਖ਼ਿਲਾਫ਼ 9 ਵੱਖ-ਵੱਖ ਨੋਟਿਸ ਜਾਰੀ ਕਰਕੇ ਉਸ ਦੀ ਕਾਰਜ-ਪ੍ਰਣਾਲੀ 'ਤੇ ਸਵਾਲ ਉਠਾਏ ਹਨ। ਨਿਯਾਮਕ ਅਨੁਸਾਰ, ਕੰਪਨੀ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਆਮ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
FSSAI ਦਾ ਕਹਿਣਾ ਹੈ ਕਿ ਉਸ ਨੂੰ Swiggy Instamart ਖ਼ਿਲਾਫ਼ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਐਕਸਪਾਇਰੀ ਮਿਤੀ ਲੰਘ ਚੁੱਕੇ ਉਤਪਾਦ, ਸੜੇ ਅੰਡੇ, ਖਰਾਬ ਦੁੱਧ, ਨੁਕਸਾਨਦੇਹ ਪੈਕਿੰਗ ਅਤੇ ਦੂਸ਼ਿਤ ਖਾਣ-ਪੀਣ ਦੀਆਂ ਵਸਤਾਂ ਡਿਲੀਵਰ ਹੋਣ ਦੀ ਗੱਲ ਕਹੀ ਗਈ। ਇਹਨਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ FSSAI ਨੇ ਕੰਪਨੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ।

FSSAI ਨੇ ਮੰਗੀਆਂ ਇਹ ਰਿਪੋਰਟਾਂ:

•    ਕੰਪਨੀ ਨੂੰ ਆਪਣੀ ਇਨਵੈਂਟਰੀ ਪ੍ਰਬੰਧਨ, ਸਟੋਰੇਜ, ਹੈਂਡਲਿੰਗ, ਸਫਾਈ ਪ੍ਰਣਾਲੀ ਅਤੇ ਗੁਣਵੱਤਾ ਜਾਂਚ ਦਾ ਪੂਰਾ ਬਿਓਰਾ ਦੇਣਾ ਹੈ।
•    ਰੂਟ ਕਾਰਨ ਐਨਾਲਿਸਿਸ (Root Cause Analysis) ਪੇਸ਼ ਕਰਨੀ ਹੋਵੇਗੀ, ਭਾਵ ਖਰਾਬ ਉਤਪਾਦਾਂ ਦੀ ਸਪਲਾਈ ਦੇ ਅਸਲ ਕਾਰਨ ਸਪੱਸ਼ਟ ਕਰਨੇ ਹਨ।
•    ਹੁਣ ਤੱਕ ਚੁੱਕੇ ਗਏ ਸੁਧਾਰਾਤਮਕ ਕਦਮਾਂ (CAPA) ਬਾਰੇ ਵੀ ਦੱਸਣਾ ਹੈ।
•    ਗਾਹਕਾਂ ਦੀਆਂ ਸ਼ਿਕਾਇਤਾਂ ਦਾ ਕਿਵੇਂ ਨਿਪਟਾਰਾ ਕੀਤਾ ਗਿਆ, ਇਸ ਦਾ ਰਿਕਾਰਡ ਵੀ ਮੰਗਿਆ ਗਿਆ ਹੈ।
•    ਨਾਲ ਹੀ ਫੂਡ ਟ੍ਰੇਸਬਿਲਿਟੀ, ਵਿਕਰੇਤਾਵਾਂ ਦੀ ਔਨਬੋਰਡਿੰਗ ਪ੍ਰਕਿਰਿਆ ਅਤੇ FSSAI ਲਾਇਸੰਸਾਂ ਦੀ ਪਾਲਣਾ ਬਾਰੇ ਵੀ ਜਵਾਬ ਮੰਗਿਆ ਗਿਆ ਹੈ।
ਕੀ-ਕੀ ਸ਼ਿਕਾਇਤਾਂ ਆਈਆਂ?
•    NOICE Eggs ਅਜਿਹੇ ਬ੍ਰਾਂਡ ਨਾਮ ਹੇਠ ਵੇਚੇ ਗਏ, ਜੋ FSSAI ਲਾਇਸੰਸ ਵਿੱਚ ਸ਼ਾਮਲ ਨਹੀਂ ਸੀ।
•    Healthify Whey Protein ਅਤੇ Noice Madras Mixture ਦੀ ਐਕਸਪਾਇਰੀ ਮਿਤੀ ਲੰਘਣ ਤੋਂ ਬਾਅਦ ਵੀ ਗਾਹਕਾਂ ਨੂੰ ਭੇਜੇ ਗਏ।
•    Akshayakalpa Organic Eggs ਸੜੇ-ਗਲੇ ਅਤੇ ਬਦਬੂਦਾਰ ਹਾਲਤ ਵਿੱਚ ਪਾਏ ਗਏ।
•    Kakke da Paratha ਬਹੁਤ ਖਰਾਬ ਹਾਲਤ ਅਤੇ ਤੇਜ਼ ਬਦਬੂ ਨਾਲ ਡਿਲੀਵਰ ਕੀਤਾ ਗਿਆ।
•    ਇੱਕ ਸ਼ਿਸ਼ੂ ਆਹਾਰ (Infant Food) ਇੰਨਾ ਖਰਾਬ ਸੀ ਕਿ ਉਸ ਨੂੰ ਖਾਣ ਯੋਗ ਨਹੀਂ ਮੰਨਿਆ ਗਿਆ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਗਾਹਕ ਵੱਲੋਂ ਖਰਾਬ ਉਤਪਾਦ ਵਾਪਸ ਕਰਨ 'ਤੇ ਕੰਪਨੀ ਨੇ ਉਹੀ ਖਰਾਬ ਉਤਪਾਦ ਦੁਬਾਰਾ ਭੇਜ ਦਿੱਤਾ।

ਲਾਇਸੰਸ ਨੂੰ ਲੈ ਕੇ ਵੀ ਗੜਬੜੀ

FSSAI ਨੇ ਇਹ ਵੀ ਪਾਇਆ ਕਿ ਕਈ ਵਿਕਰੇਤਾ ਗ਼ਲਤ ਜਾਂ ਮਨਜ਼ੂਰੀ-ਰਹਿਤ FSSAI ਨੰਬਰ ਵਰਤ ਰਹੇ ਸਨ। ਕੁਝ ਫੂਡ ਬਿਜ਼ਨਸ ਆਪਰੇਟਰਾਂ ਦੇ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੇ ਵਪਾਰਕ ਨਾਵਾਂ ਵਿੱਚ ਮੇਲ ਨਹੀਂ ਖਾਂਦਾ ਸੀ, ਜੋ ਕਿ ਖਾਦ ਕਾਨੂੰਨਾਂ ਦੀ ਗੰਭੀਰ ਉਲੰਘਣਾ ਹੈ।

ਸ਼ਿਕਾਇਤਾਂ ਦਾ ਨਿਪਟਾਰਾ ਕਿਵੇਂ ਹੋਇਆ?

ਨਿਯਾਮਕ ਨੇ ਇਹ ਵੀ ਨੋਟ ਕੀਤਾ ਕਿ ਗਾਹਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀ Swiggy Instamart ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਕ ਮਾਮਲੇ ਵਿੱਚ ਕੰਪਨੀ ਨੇ ਸਿਰਫ਼ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ, ਪਰ ਖਾਦ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਿਆ। FSSAI ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੰਪਨੀ ਨੇ ਨਿਰਧਾਰਿਤ ਸਮੇਂ ਵਿੱਚ ਸੰਤੋਸ਼ਜਨਕ ਜਵਾਬ ਅਤੇ ਪਾਲਣਾ ਰਿਪੋਰਟ ਪੇਸ਼ ਨਾ ਕੀਤੀ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Recent News