ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਨੂੰ ਇੱਕ ਸੈਲਾਨੀ ਬੋਟ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ 15 ਭਾਰਤੀ ਨਾਗਰਿਕਾਂ ਸਮੇਤ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਬੋਟ ਸੈਲਾਨੀਆਂ ਨੂੰ ਨਗੋਆਈ ਟਾਪੂ ਘੁੰਮਾਉਣ ਲੈ ਕੇ ਜਾ ਰਹੀ ਸੀ, ਪਰ ਕੰਢੇ ਤੋਂ ਮਹਿਜ਼ 400 ਮੀਟਰ ਦੂਰ ਹੀ ਤੇਜ਼ ਲਹਿਰਾਂ ਕਾਰਨ ਪਲਟ ਗਈ।
ਬੋਟ 'ਚ ਕੁੱਲ 36 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 32 ਭਾਰਤੀ ਅਤੇ 4 ਕਰੂ ਮੈਂਬਰ ਸ਼ਾਮਲ ਸਨ। ਹਾਦਸੇ ਤੋਂ ਤੁਰੰਤ ਬਾਅਦ 21 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 15 ਭਾਰਤੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਇਹ ਹਾਦਸਾ ਸਵੇਰੇ 10:30 ਵਜੇ ਵਾਪਰਿਆ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ ਦੀ ਮੁੱਖ ਵਜ੍ਹਾ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਵੀ ਤੇਜ਼ ਲਹਿਰਾਂ ਨੂੰ ਸਪਸ਼ਟ ਦੇਖਿਆ ਜਾ ਸਕਦਾ ਹੈ। ਇਹ ਵੀ ਖਬਰ ਹੈ ਕਿ ਜ਼ਿਆਦਾਤਰ ਸੈਲਾਨੀਆਂ ਨੇ ਲਾਈਫ ਜੈਕਟ ਨਹੀਂ ਪਹਿਨੀਆਂ ਸਨ, ਜਿਸ ਕਾਰਨ ਹਾਦਸਾ ਹੋਰ ਵੀ ਭਿਆਨਕ ਬਣ ਗਿਆ।
ਇਸ ਦੁਖਦਾਈ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਅਤੇ ਕੌਂਸਲੇਟ ਵੱਲੋਂ ਰਾਹਤ ਅਤੇ ਬਚਾਅ ਕੰਮਾਂ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਅਤੇ ਭਾਰਤੀ ਅਧਿਕਾਰੀ ਵੀਅਤਨਾਮ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਭਾਰਤੀ ਐਂਬਸੀ ਵੱਲੋਂ ਪੀੜਤਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਹੈਲਪਲਾਈਨ ਨੰਬਰ +84 36 281 7930, +84 91 552 37 14 ਅਤੇ +84 33 452 0414 ਜਾਰੀ ਕੀਤੇ ਗਏ ਹਨ।
ਹਾਦਸੇ ਵਿੱਚ ਸਵਾਰ 32 ਭਾਰਤੀਆਂ ਵਿੱਚੋਂ 2 ਔਰਤਾਂ ਵੀ ਸ਼ਾਮਲ ਸਨ। ਤਿੰਨ ਆਂਧਰਾ ਪ੍ਰਦੇਸ਼ ਦੇ ਨਾਗਰਿਕ ਜ਼ਖ਼ਮੀ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚ ਜ਼ਿਆਦਾਤਰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸੈਲਾਨੀ ਸ਼ਾਮਲ ਹਨ।