ਰਾਸ਼ਟਰੀ ਨਿਊਜ਼। ਅੰਮ੍ਰਿਤਸਰ ਤੋਂ ਰਵਾਨਾ ਹੋਈ ਗਰੀਬ ਰੱਥ ਰੇਲਗੱਡੀ 'ਚ ਤਿੰਨ ਮੁਲਾਜ਼ਮਾਂ ਨੂੰ ਸ਼ਰਾਬ ਪੀਣਾ ਮਹਿੰਗਾ ਪਿਆ। ਮੁੱਢਲੀ ਜਾਂਚ ਦੌਰਾਨ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਹੋ ਗਈ ਹੈ। ਜਾਂਚ ਪੂਰੀ ਹੋਣ ਉਪਰੰਤ ਨੌਕਰੀ ਜਾਣ ਦਾ ਵੀ ਖ਼ਤਰਾ ਹੈ। ਇਹ ਮੁਲਾਜ਼ਮਾਂ ਵੱਲੋਂ ਗਰੀਬ ਰੱਥ ਰੇਲਗੱਡੀ ਦੀ ਪਾਵਰ ਬੋਗੀ 'ਚ ਇੱਕ ਯਾਤਰੀ ਤੋਂ ਪੈਸੇ ਲੈ ਕੇ ਸਫ਼ਰ ਕਰਾਉਣ, ਸ਼ਰਾਬ ਪੀਣ ਤੇ ਇੱਕ ਲੜਕੀ ਨੂੰ ਬੁਲਾਉਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਬੋਗੀ ਖਾਲੀ ਹੋਣ 'ਤੇ ਬੁਲਾਈ ਲੜਕੀ
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 14 ਜਨਵਰੀ ਦੀ ਦੱਸੀ ਜਾ ਰਹੀ ਹੈ। ਮਾਘੀ ਵਾਲੇ ਦਿਨ ਅੰਮ੍ਰਿਤਸਰ ਤੋਂ ਰਵਾਨਾ ਹੋਈ ਗਰੀਬ ਰਥ ਰੇਲਗੱਡੀ 'ਚ ਸਫਰ ਕਰ ਰਹੇ ਸਹਾਇਕ ਟੈਕਨੀਕਲ ਰਾਹੁਲ ਕੁਸ਼ਵਾਹਾ ਨੇ ਦੇਖਿਆ ਕਿ ਟੈਕਨੀਕਲ ਸਟਾਫ ਦੇ ਤਿੰਨ ਮੁਲਾਜ਼ਮ ਪਾਵਰ ਬੋਗੀ 'ਚ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਇਹਨਾਂ ਮੁਲਾਜ਼ਮਾਂ ਨੇ ਇੱਕ ਯਾਤਰੀ ਨੂੰ ਵੀ ਫੜ ਲਿਆ ਤੇ ਉਸ ਤੋਂ ਪੈਸੇ ਲੈ ਕੇ ਬੋਗੀ ਵਿੱਚ ਬਿਠਾ ਲਿਆ। ਜਦੋਂ ਬੋਗੀ ਖਾਲੀ ਹੋਈ ਤਾਂ ਲੜਕੀ ਨੂੰ ਉਥੇ ਬੁਲਾਇਆ ਗਿਆ। ਰਾਹੁਲ ਕੁਸ਼ਵਾਹਾ ਨੇ ਇਸ ਮਾਮਲੇ ਦੀ ਸ਼ਿਕਾਇਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕੀਤੀ ਹੈ ਅਤੇ ਸ਼ਿਕਾਇਤਕਰਤਾ ਨੇ ਇਹ ਵੀ ਲਿਖਿਆ ਹੈ ਕਿ ਉਕਤ ਤਿੰਨਾਂ ਮੁਲਾਜ਼ਮਾਂ ਨੇ ਉਸਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਕੋਈ ਕਾਰਵਾਈ ਕਰਾਉਂਦਾ ਹੈ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੂਜੇ ਪਾਸੇ ਸ਼ਿਕਾਇਤ ਮਿਲਣ 'ਤੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਇਸਦਾ ਨੋਟਿਸ ਲੈਂਦਿਆਂ ਉਕਤ ਮੁਲਾਜ਼ਮਾਂ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਹੈ।