ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਸਥਿਤ ਭਾਰਤ ਮੰਡਪਮ ਵਿਖੇ NDA ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਈ ਅਹਿਮ ਮੁੱਦਿਆਂ 'ਤੇ ਗੱਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਗਰੀਬੀ ਰੇਖਾ ਹੇਠ ਰਹਿਣ ਵਾਲੇ ਲੋਕ ਅੱਜ ਨਵੀਂ ਮੱਧ ਸ਼੍ਰੇਣੀ ਦਾ ਹਿੱਸਾ ਬਣ ਚੁੱਕੇ ਹਨ। ਸਰਕਾਰ ਇਸ ਨਵੇਂ ਮੱਧਵਰਗੀ ਤਬਕੇ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵੇਗੀ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਪੀਐੱਮ ਮੋਦੀ ਨੇ ਲੋਕਾਂ ਨੂੰ 'ਜਨਤਾ ਜਨਾਰਦਨ' ਦਾ ਦਰਜਾ ਦਿੰਦਿਆਂ ਇਸ ਨੂੰ ਆਪਣਾ ਪਰਮ ਭਾਗ ਸਮਝਿਆ।
ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਲਗਾਤਾਰ ਵਿਸ਼ਵਾਸਘਾਤ ਨੇ ਲੋਕਾਂ ਨੂੰ ਬਦਲਾਅ ਲਈ ਮਜਬੂਰ ਕੀਤਾ ਅਤੇ 2014 ਵਿੱਚ ਉਮੀਦ ਦੇ ਨਵੇਂ ਸੂਰਜ ਦਾ ਉਦੈ ਹੋਇਆ। ਉਨ੍ਹਾਂ ਕਿਹਾ ਕਿ NDA ਦੇ 12 ਸਾਲਾਂ (ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ) ਦੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਦੇਸ਼ ਕਾਂਗਰਸ ਦੀਆਂ ਚਾਲਾਂ ਦੇ ਚੱਕਰ ਤੋਂ ਮੁਕਤ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਦੇਸ਼ ਨੂੰ ਲਾਚਾਰੀ, ਗਰੀਬੀ ਅਤੇ ਹੀਣਤਾ ਦੀ ਭਾਵਨਾ ਵਿੱਚ ਧੱਕ ਦਿੱਤਾ ਸੀ, ਜਿੱਥੇ ਇਹ ਧਾਰਨਾ ਪੱਕੀ ਕਰ ਦਿੱਤੀ ਗਈ ਸੀ ਕਿ ਭਾਰਤ ਵਿੱਚ ਵਿਕਾਸ ਸਿਰਫ ਹੌਲੀ ਰਫ਼ਤਾਰ ਨਾਲ ਹੀ ਸੰਭਵ ਹੈ।
ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਚਲਾਕੀ ਨਾਲ ਇਸ ਹੌਲੀ ਵਿਕਾਸ ਦਰ ਨੂੰ 'ਹਿੰਦੂ ਗ੍ਰੋਥ ਰੇਟ' ਦਾ ਨਾਮ ਦੇ ਦਿੱਤਾ ਸੀ, ਜਦਕਿ ਅਸਲੀਅਤ ਇਹ ਸੀ ਕਿ ਇਹ 'ਕਾਂਗਰਸ ਗ੍ਰੋਥ ਰੇਟ' ਸੀ, ਕਿਉਂਕਿ ਇਸ ਵਿੱਚ ਨਾ ਤਾਂ ਚੰਗੀ ਨੀਤੀ ਸੀ, ਨਾ ਨੇਕ ਨੀਅਤ, ਨਾ ਸੁਚੱਜਾ ਸ਼ਾਸਨ ਅਤੇ ਨਾ ਹੀ ਸਖ਼ਤ ਫੈਸਲੇ ਲੈਣ ਦੀ ਹਿੰਮਤ ਸੀ।
ਪੀਐੱਮ ਮੋਦੀ ਨੇ ਦੱਸਿਆ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ NDA ਸਰਕਾਰ ਬਣੀ ਤਾਂ ਭਾਰਤ ਨੇ ਵਿਕਾਸ ਦੀ ਤੇਜ ਰਫ਼ਤਾਰ ਦੇ ਦਰਸ਼ਨ ਕੀਤੇ, ਪਰ 2004 ਵਿੱਚ ਦੁਬਾਰਾ ਕਾਂਗਰਸ ਸੱਤਾ ਵਿੱਚ ਆ ਗਈ ਅਤੇ ਦੇਸ਼ ਨੂੰ ਅਸਥਿਰਤਾ ਅਤੇ ਹਜ਼ਾਰਾਂ ਕਰੋੜਾਂ ਦੇ ਘਪਲਿਆਂ ਵਿੱਚ ਧੱਕ ਦਿੱਤਾ। ਉਨ੍ਹਾਂ ਕਿਹਾ ਕਿ 2014 ਵਿੱਚ NDA ਦੀ ਵਾਪਸੀ ਤੋਂ ਬਾਅਦ ਹੀ ਦੇਸ਼ ਦੀ ਕਿਸਮਤ ਬਦਲੀ ਅਤੇ ਜਦੋਂ ਨੀਤੀ, ਨੀਅਤ ਅਤੇ ਫੈਸਲੇ ਸਭ ਨੇ ਇਕੱਠੇ ਕੰਮ ਕੀਤਾ, ਤਾਂ ਅਸਲ ਵਿਕਾਸ ਦਾ ਰਾਹ ਮਿਲਿਆ।
NDA ਦੇ ਘਟਕ ਦਲਾਂ ਦੀ ਸਾਂਝੀ ਪ੍ਰਾਪਤੀ ਨੂੰ ਦਰਸਾਉਂਦਿਆਂ ਪੀਐੱਮ ਮੋਦੀ ਨੇ ਸਪੱਸ਼ਟ ਕੀਤਾ ਕਿ ਇਹ ਤਰੱਕੀ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ NDA ਦੇ ਹਰ ਘਟਕ ਦਲ ਅਤੇ ਉਨ੍ਹਾਂ ਦੇ ਕਾਰਕੁਨਾਂ ਦੀ ਸਮੂਹਿਕ ਮਿਹਨਤ ਅਤੇ ਉਦਾਰਤਾ ਦਾ ਸਿੱਟਾ ਹੈ। ਉਨ੍ਹਾਂ ਮੀਟਿੰਗ ਵਿੱਚ ਪੇਸ਼ ਪ੍ਰਸਤਾਵ ਨੂੰ ਸਾਰੇ NDA ਵਰਕਰਾਂ ਨੂੰ ਸਮਰਪਿਤ ਕੀਤਾ।