ਰਾਜਧਾਨੀ ਦਿੱਲੀ ਵਿੱਚ ਸਵਾਈਨ ਫਲੂ (H1N1) ਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਸਾਲ ਹੁਣ ਤੱਕ 2,300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਪਿਛਲੇ ਸਾਲਾਂ ਦੀ ਔਸਤ ਨਾਲੋਂ ਅੱਠ ਗੁਣਾ ਵੱਧ ਹਨ। ਇਸ ਤੋਂ ਇਲਾਵਾ ਇਨਫਲੂਐਂਜ਼ਾ ਬੀ ਅਤੇ ਕੋਵਿਡ-19 ਦੇ ਮਾਮਲੇ ਵੀ ਰਿਪੋਰਟ ਹੋ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ। ਦਿੱਲੀ ਸਰਕਾਰ ਨੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਸਾਵਧਾਨੀ ਵਰਤਣ ਦੀ ਸਲਾਹ ਜਾਰੀ ਕੀਤੀ ਹੈ, ਜਦਕਿ ਸਿਹਤ ਮਾਹਿਰਾਂ ਨੇ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਦਿੱਲੀ ਦਾ ਸਿਹਤ ਵਿਭਾਗ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਲੋੜੀਂਦੇ ਬੈੱਡ, ਡਾਕਟਰ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਨੂੰ ਮਾਸਕ ਪਾਉਣ ਅਤੇ ਸਾਹ ਸੰਬੰਧੀ ਸਫਾਈ ਦੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਦਿੱਲੀ ਦੇ ਸਿਹਤ ਮੰਤਰੀ ਡਾ. ਪੰਕਜ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ H1N1 ਅਤੇ ਡੇਂਗੂ ਨੂੰ ਲੈ ਕੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਐੱਨ.ਡੀ.ਐੱਮ.ਸੀ., ਨਗਰ ਨਿਗਮ ਅਤੇ ਛਾਉਣੀ ਖੇਤਰਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ, “ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਸਭ ਕੁਝ ਕੰਟਰੋਲ ਵਿੱਚ ਹੈ। ਸਾਡੇ ਕੋਲ ਲੋੜੀਂਦੇ ਬੈੱਡ, ਡਾਕਟਰ ਅਤੇ ਦਵਾਈਆਂ ਮੌਜੂਦ ਹਨ।”
ਸਿਹਤ ਮੰਤਰੀ ਮੁਤਾਬਕ ਹੁਣ ਤੱਕ H1N1 ਦੇ 2,308, ਇਨਫਲੂਐਂਜ਼ਾ ਬੀ ਦੇ ਲਗਭਗ 600-650 ਅਤੇ ਡੇਂਗੂ ਦੇ 2,200 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਗੰਭੀਰ ਹਾਲਤ ਵਿੱਚ ਹੈ। ਸਾਰੇ ਮਰੀਜ਼ ਆਮ ਬੁਖ਼ਾਰ ਦੇ ਲੱਛਣਾਂ ਨਾਲ ਆ ਰਹੇ ਹਨ ਅਤੇ ਇਲਾਜ ਤੋਂ ਬਾਅਦ ਠੀਕ ਹੋ ਕੇ ਡਿਸਚਾਰਜ ਹੋ ਰਹੇ ਹਨ।
ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਡਾ. ਰਾਜੀਵ ਬਹਿਲ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਭਾਰਤ ਦੀ ਨਿਗਰਾਨੀ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ, ਜਿਸ ਨਾਲ ਹੁਣ ਅਸਲ-ਸਮੇਂ ਵਿੱਚ ਪਤਾ ਲੱਗ ਸਕਦਾ ਹੈ ਕਿ ਕਿਹੜਾ ਵਾਇਰਸ ਪ੍ਰਸਾਰਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਪੱਧਰਾਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਵਿੱਚ ਰਾਜਾਂ ਤੋਂ ਪ੍ਰਾਪਤ ਰਿਪੋਰਟਾਂ ਅਤੇ ਲੈਬ ਟੈਸਟ ਸ਼ਾਮਲ ਹਨ।
ਡਾ. ਬਹਿਲ ਅਨੁਸਾਰ ਦੇਸ਼ ਭਰ ਵਿੱਚ 73 ਲੈਬਾਂ ਇਸ ਨਿਗਰਾਨੀ ਪ੍ਰਣਾਲੀ ਨਾਲ ਜੁੜੀਆਂ ਹਨ। ਗੰਭੀਰ ਸਾਹ ਸੰਬੰਧੀ ਲਾਗਾਂ ਅਤੇ ਹੋਰ ਬੀਮਾਰੀਆਂ ਦੇ ਮਾਮਲਿਆਂ ਵਿੱਚੋਂ ਹਰ ਹਫ਼ਤੇ 25 ਸੈਂਪਲਾਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਵਿੱਚ ਸਾਰੇ ਸੰਭਾਵਿਤ ਵਾਇਰਸਾਂ ਦੀ ਪਛਾਣ ਕੀਤੀ ਜਾਂਦੀ ਹੈ।
ਮੌਜੂਦਾ ਨਿਗਰਾਨੀ ਡੇਟਾ ਦਰਸਾਉਂਦਾ ਹੈ ਕਿ H1N1 ਦਾ ਪ੍ਰਕੋਪ ਸਭ ਤੋਂ ਵੱਧ ਹੈ, ਜਦਕਿ ਇਨਫਲੂਐਂਜ਼ਾ ਬੀ ਅਤੇ ਕੋਵਿਡ-19 ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਡਾ. ਬਹਿਲ ਨੇ ਕਿਹਾ ਕਿ ਫਿਲਹਾਲ ਇਨਫਲੂਐਂਜ਼ਾ ਏ, ਇਨਫਲੂਐਂਜ਼ਾ ਬੀ ਅਤੇ ਕੋਵਿਡ-19 ਦੇ ਮਿਲੇ-ਜੁਲੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ 'ਤੇ ਹਫ਼ਤਾਵਾਰ ਆਧਾਰ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਡਾ. ਬਹਿਲ ਨੇ ਸਪੱਸ਼ਟ ਕੀਤਾ ਕਿ ਫਲੂ ਵਾਇਰਸ ਸਮੇਂ-ਸਮੇਂ 'ਤੇ ਪਰਿਵਰਤਨ ਕਰਦੇ ਰਹਿੰਦੇ ਹਨ, ਇਸ ਲਈ ਪਿਛਲੇ ਸਾਲ ਫਲੂ ਹੋਣ ਦਾ ਇਹ ਮਤਲਬ ਨਹੀਂ ਕਿ ਦੁਬਾਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਵਾਧਾ H1N1 ਕਾਰਨ ਹੈ, ਜੋ ਆਮ ਮੌਸਮੀ ਫਲੂ ਹੈ, ਨਾ ਕਿ ਕੋਈ ਨਵਾਂ ਖ਼ਤਰਨਾਕ ਵਾਇਰਸ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲਾਗਾਂ ਹਲਕੀਆਂ ਹੁੰਦੀਆਂ ਹਨ, ਪਰ ਛੋਟੇ ਬੱਚਿਆਂ, ਬਜ਼ੁਰਗਾਂ, ਘੱਟ ਇਮਿਊਨਿਟੀ ਵਾਲੇ ਅਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਘਬਰਾਉਣ ਜਾਂ ਵੱਧ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।