ਕੀ ਤੁਹਾਡੇ ਪੈਰਾਂ ਜਾਂ ਲੱਤਾਂ 'ਤੇ ਮੱਕੜੀ ਦੇ ਜਾਲੇ ਵਰਗੀਆਂ ਉੱਭਰੀਆਂ ਨੀਲੀਆਂ ਨਾੜੀਆਂ ਨਜ਼ਰ ਆਉਂਦੀਆਂ ਹਨ? ਜੇਕਰ ਹਾਂ, ਤਾਂ ਇਸ ਨੂੰ ਹਲਕੇ ਵਿੱਚ ਨਾ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਚਮੜੀ ਉੱਤੇ ਇਹ ਉੱਭਰੀਆਂ ਨੀਲੀਆਂ ਰੇਖਾਵਾਂ ਸਰੀਰ ਦੇ ਅੰਦਰ ਵੱਡੀ ਬੀਮਾਰੀ ਦਾ ਸੰਕੇਤ ਹੋ ਸਕਦੀਆਂ ਹਨ, ਜਿਸ ਨੂੰ ਸਮੇਂ ਸਿਰ ਪਛਾਣ ਕੇ ਇਲਾਜ਼ ਕਰਵਾਉਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਲੱਛਣ ਦੇ ਕਾਰਨ, ਨਤੀਜੇ ਅਤੇ ਆਧੁਨਿਕ ਇਲਾਜ਼ ਬਾਰੇ।
ਡਾਕਟਰਾਂ ਅਨੁਸਾਰ ਇਹ ਨੀਲੀਆਂ ਨਾੜੀਆਂ ਲੱਤਾਂ ਦੀਆਂ ਡੂੰਘੀਆਂ ਨਾੜੀਆਂ ਵਿੱਚ ਪੈਦਾ ਹੋ ਰਹੀ ਗੜਬੜੀ ਵੱਲ ਇਸ਼ਾਰਾ ਕਰਦੀਆਂ ਹਨ। ਇਹ ਕੋਈ ਚਮੜੀ ਦੀ ਸਮੱਸਿਆ ਨਹੀਂ, ਸਗੋਂ ਖੂਨ ਸੰਚਾਰ ਪ੍ਰਣਾਲੀ ਨਾਲ ਜੁੜੀ ਇੱਕ ਗੁੰਝਲਦਾਰ ਬੀਮਾਰੀ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ।
ਲੱਤਾਂ ਦੀ ਉਪਰਲੀ ਸਤ੍ਹਾ 'ਤੇ ਸਥਿਤ ਨਾੜੀਆਂ ਉਥੋਂ ਦੇ ਅਸ਼ੁੱਧ ਖੂਨ ਨੂੰ ਡੂੰਘੀਆਂ ਨਾੜੀਆਂ ਤੱਕ ਪਹੁੰਚਾਉਂਦੀਆਂ ਹਨ, ਜੋ ਫਿਰ ਦਿਲ ਅਤੇ ਫੇਫੜਿਆਂ ਵਿੱਚ ਸ਼ੁੱਧ ਹੁੰਦਾ ਹੈ। ਪਰ ਜਦੋਂ ਡੂੰਘੀਆਂ ਨਾੜੀਆਂ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਅਸ਼ੁੱਧ ਖੂਨ ਉੱਪਰ ਵੱਲ ਮੁੜਨ ਦੀ ਬਜਾਏ ਚਮੜੀ ਹੇਠ ਜਮ੍ਹਾਂ ਹੋਣ ਲੱਗਦਾ ਹੈ ਅਤੇ ਨੀਲੀਆਂ ਨਾੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।
ਇਸ ਸਮੱਸਿਆ ਦਾ ਸਭ ਤੋਂ ਆਮ ਕਾਰਨ CVI ਰੋਗ ਹੈ, ਜਿਸ ਵਿੱਚ ਨਾੜੀਆਂ ਦੇ ਅੰਦਰਲੇ ਵਾਲਵ ਕਮਜ਼ੋਰ ਹੋ ਜਾਂਦੇ ਹਨ। ਇਸ ਕਾਰਨ ਖੂਨ ਉੱਪਰ ਵੱਲ ਜਾ ਕੇ ਵਾਪਸ ਹੇਠਾਂ ਆਉਣ ਲੱਗਦਾ ਹੈ, ਤੇ ਲਗਾਤਾਰ ਇਸ ਪ੍ਰਕਿਰਿਆ ਨਾਲ ਨਾੜੀਆਂ 'ਤੇ ਦਬਾਅ ਵਧਦਾ ਹੈ ਅਤੇ ਉਹ ਚਮੜੀ ਉੱਤੇ ਉੱਭਰਨ ਲੱਗ ਪੈਂਦੀਆਂ ਹਨ। ਇਸ ਨੂੰ ਪ੍ਰਾਇਮਰੀ ਵੈਰੀਕੋਜ਼ ਨਾੜੀਆਂ ਕਿਹਾ ਜਾਂਦਾ ਹੈ।
ਲੱਤਾਂ 'ਤੇ ਨੀਲੀਆਂ ਨਾੜੀਆਂ ਉੱਭਰਨ ਦਾ ਇੱਕ ਹੋਰ ਗੰਭੀਰ ਕਾਰਨ DVT ਹੈ, ਜਿਸ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਹਨ। ਜੇਕਰ ਇਹ ਥੱਕੇ ਸਮੇਂ ਸਿਰ ਘੁਲ ਜਾਣ ਜਾਂ ਹਟਾਏ ਜਾਣ, ਨਹੀਂ ਤਾਂ ਇਹ ਸਥਾਈ ਰੁਕਾਵਟ ਪੈਦਾ ਕਰ ਸਕਦੇ ਹਨ। ਨਤੀਜੇ ਵਜੋਂ ਨਾੜੀਆਂ 'ਤੇ ਅਸ਼ੁੱਧ ਖੂਨ ਦਾ ਦਬਾਅ ਵਧਦਾ ਹੈ ਅਤੇ ਉਹ ਫੈਲ ਕੇ ਉੱਭਰ ਆਉਂਦੀਆਂ ਹਨ। ਇਹ ਗੰਭੀਰ ਰੂਪ 'ਸੈਕੰਡਰੀ ਵੈਰੀਕੋਜ਼ ਨਾੜੀਆਂ' ਕਹਾਉਂਦਾ ਹੈ।
ਗਰਭ ਅਵਸਥਾ ਵਿੱਚ ਬੱਚੇਦਾਨੀ ਦਾ ਵਧਿਆ ਹੋਇਆ ਆਕਾਰ ਲੱਤਾਂ ਦੀਆਂ ਨਾੜੀਆਂ 'ਤੇ ਦਬਾਅ ਪਾਉਂਦਾ ਹੈ, ਨਾਲ ਹੀ ਇਸ ਦੌਰਾਨ DVT ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜੇਕਰ ਇਸ ਸਮੇਂ ਨੀਲੀਆਂ ਨਾੜੀਆਂ ਉੱਭਰਨ ਜਾਂ ਲੱਤਾਂ ਸੁੱਜਣ ਤਾਂ ਤੁਰੰਤ ਮਾਹਿਰ ਸਰਜਨ ਦੀ ਸਲਾਅ ਲੈਣੀ ਚਾਹੀਦੀ ਹੈ, ਨਹੀਂ ਤਾਂ ਖੂਨ ਦੇ ਥੱਕੇ ਫੇਫੜਿਆਂ ਤੱਕ ਪਹੁੰਚ ਕੇ ਜਾਨਲੇਵਾ ਬਣ ਸਕਦੇ ਹਨ।
ਮਾਹਿਰਾਂ ਅਨੁਸਾਰ ਇਲਾਜ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨੀਲੀਆਂ ਨਾੜੀਆਂ ਕਿਸ ਕਾਰਨ ਉੱਭਰੀਆਂ ਹਨ। ਇਸ ਲਈ ਡਾਪਲਰ ਸਟੱਡੀ, ਸੀਟੀ ਵੇਨੋਗ੍ਰਾਮ ਅਤੇ ਡਿਜੀਟਲ ਸਬਟ੍ਰੈਕਸ਼ਨ ਵੇਨੋਗ੍ਰਾਫੀ ਵਰਗੀਆਂ ਜਾਂਚਾਂ ਦੀ ਲੋੜ ਹੋ ਸਕਦੀ ਹੈ। ਹਮੇਸ਼ਾ ਅਜਿਹੀ ਸਿਹਤ ਸੰਸਥਾ ਨੂੰ ਤਰਜੀਹ ਦਿਓ, ਜਿੱਥੇ ਇਹ ਆਧੁਨਿਕ ਸਹੂਲਤਾਂ ਉਪਲਬਧ ਹੋਣ।
• ਰੁਕਾਵਟ ਦੀ ਸੂਰਤ ਵਿੱਚ: ਜੇਕਰ ਨਾੜੀਆਂ ਵਿੱਚ ਸਥਾਈ ਰੁਕਾਵਟ ਹੋਵੇ, ਤਾਂ ਵੇਨਸ ਐਂਜੀਓਪਲਾਸਟੀ ਅਤੇ ਸਟੈਂਟਿੰਗ ਰਾਹੀਂ ਇਸ ਨੂੰ ਖੋਲ੍ਹਿਆ ਜਾਂਦਾ ਹੈ।
• ਬਾਈਪਾਸ ਸਰਜਰੀ: ਜੇਕਰ ਐਂਜੀਓਪਲਾਸਟੀ ਸੰਭਵ ਨਾ ਹੋਵੇ, ਤਾਂ ਵੇਨਸ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ।
• CVI ਦਾ ਇਲਾਜ: ਜੇਕਰ ਰੁਕਾਵਟ ਨਾ ਹੋਵੇ, ਸਿਰਫ਼ CVI ਹੋਵੇ, ਤਾਂ ਲੇਜ਼ਰ ਜਾਂ RF (ਰੇਡੀਓਫ੍ਰੀਕੁਐਂਸੀ ਐਬਲੇਸ਼ਨ) ਤਕਨੀਕ ਵਰਤੀ ਜਾਂਦੀ ਹੈ। ਇਸ ਇਲਾਜ ਤੋਂ ਬਾਅਦ ਮਰੀਜ਼ 24 ਘੰਟਿਆਂ ਦੇ ਅੰਦਰ ਆਪਣੀ ਰੋਜ਼ਾਨਾ ਜ਼ਿੰਦਗੀ 'ਤੇ ਵਾਪਸ ਆ ਸਕਦਾ ਹੈ।
• ਹਲਕੇ ਮਾਮਲਿਆਂ 'ਚ: ਜੇਕਰ ਬੀਮਾਰੀ ਬਹੁਤ ਜ਼ਿਆਦਾ ਨਾ ਵਧੀ ਹੋਵੇ, ਤਾਂ ਖ਼ਾਸ ਕੰਪ੍ਰੈਸ਼ਨ ਸਟੌਕਿੰਗਜ਼, ਕਸਰਤਾਂ ਅਤੇ ਦਵਾਈਆਂ ਰਾਹੀਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ।