ਮੌਸਮੀ ਤਬਦੀਲੀ ਦੌਰਾਨ ਜ਼ੁਕਾਮ, ਬੁਖ਼ਾਰ, ਸਰੀਰਕ ਦਰਦ ਅਤੇ ਗਲੇ ਦੀ ਖਰਾਸ਼ ਆਮ ਸਮੱਸਿਆਵਾਂ ਬਣ ਜਾਂਦੀਆਂ ਹਨ। ਪਰ ਜਦੋਂ ਇਹ ਲੱਛਣ ਲੰਮੇ ਸਮੇਂ ਤੱਕ ਬਣੇ ਰਹਿਣ ਜਾਂ ਹੱਦ ਤੋਂ ਵੱਧ ਵਧਣ ਲੱਗਣ, ਤਾਂ ਇਹ ਆਮ ਵਾਇਰਲ ਤੋਂ ਪਰੇ ਕਿਸੇ ਗੰਭੀਰ ਬੀਮਾਰੀ ਜਿਵੇਂ ਕਿ ਸਵਾਈਨ ਫਲੂ (H1N1) ਵੱਲ ਇਸ਼ਾਰਾ ਕਰ ਸਕਦੇ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਇਨ੍ਹਾਂ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਹੈ।
ਸਿਹਤ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ 'ਐਕਸ' ਰਾਹੀਂ ਸਾਂਝੀ ਕੀਤੀ ਪੋਸਟ ਅਨੁਸਾਰ ਸਵਾਈਨ ਫਲੂ ਦੇ ਆਮ ਲੱਛਣਾਂ ਵਿੱਚ ਤੇਜ਼ ਬੁਖ਼ਾਰ, ਲਗਾਤਾਰ ਖੰਘ, ਗਲੇ ਵਿੱਚ ਦਰਦ, ਸਿਰ ਪਿੱਛੇ ਦਰਦ, ਨੱਕ ਵਗਣਾ, ਮਾਸਪੇਸ਼ੀਆਂ ਵਿੱਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹਨ। ਇਹ ਲੱਛਣ ਅਕਸਰ ਆਮ ਫਲੂ ਵਰਗੇ ਹੁੰਦੇ ਹਨ, ਪਰ ਜੇਕਰ ਇਹ ਤਿੰਨ-ਚਾਰ ਦਿਨਾਂ ਤੋਂ ਵੱਧ ਰਹਿਣ ਜਾਂ ਤਕਲੀਫ਼ ਵਧੇ, ਤਾਂ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
ਮਾਹਿਰਾਂ ਅਨੁਸਾਰ ਜੇਕਰ ਕਿਸੇ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ। ਸਹੀ ਸਾਵਧਾਨੀਆਂ ਅਤੇ ਡਾਕਟਰੀ ਨਿਗਰਾਨੀ ਰਾਹੀਂ ਇਸਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪੌਸ਼ਟਿਕ ਖੁਰਾਕ, ਆਰਾਮ ਅਤੇ ਲੋੜੀਂਦੀ ਦਵਾਈ ਸਮੇਂ ਸਿਰ ਲੈਣਾ ਬਹੁਤ ਲਾਭਦਾਇਕ ਰਹਿੰਦਾ ਹੈ।
• ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਆਪਣੀ ਰਿਪੋਰਟ ਜਾਂਚਵਾਓ।
• ਦੂਜਿਆਂ ਨਾਲ ਆਉਣ-ਜਾਣ ਤੋਂ ਪਰਹੇਜ਼ ਕਰੋ, ਖ਼ਾਸਕਰ ਘਰ ਦੇ ਬਜ਼ੁਰਗਾਂ, ਬੱਚਿਆਂ ਜਾਂ ਬੀਮਾਰ ਲੋਕਾਂ ਤੋਂ ਦੂਰੀ ਬਣਾਓ।
• ਆਪਣੇ ਮੂੰਹ ਨੂੰ ਖੰਘਦੇ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਨਾਲ ਢੱਕੋ ਅਤੇ ਇਸਨੂੰ ਵਾਰ-ਵਾਰ ਬਦਲਦੇ ਰਹੋ।
• ਜਦੋਂ ਵੀ ਬਾਹਰ ਜਾਣਾ ਪਵੇ, ਮਾਸਕ ਪਹਿਨਣਾ ਨਾ ਭੁੱਲੋ।
ਸਵਾਈਨ ਫਲੂ ਦੇ ਫੈਲਾਅ ਨੂੰ ਰੋਕਣ ਲਈ ਹੱਥਾਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਹਰ ਥੋੜ੍ਹੀ ਦੇਰ 'ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ। ਜੇਕਰ ਪਾਣੀ ਉਪਲਬਧ ਨਾ ਹੋਵੇ ਤਾਂ ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਸਾਂਝੀਆਂ ਵਸਤਾਂ ਜਿਵੇਂ ਤੌਲੀਏ, ਗਿਲਾਸ ਜਾਂ ਬਰਤਨ ਸਾਂਝੇ ਕਰਨ ਤੋਂ ਗੁਰੇਜ਼ ਕਰੋ।
• ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖੋ।
• ਖੰਘ ਜਾਂ ਛਿੱਕ ਦੌਰਾਨ ਮੂੰਹ 'ਤੇ ਰੁਮਾਲ ਰੱਖੋ ਅਤੇ ਵਰਤੋਂ ਮਗਰੋਂ ਸੁੱਟ ਦਿਓ।
• ਭੀੜ-ਭੜੱਕੇ ਵਾਲੀ ਥਾਂ 'ਤੇ ਜਾਣ ਤੋਂ ਬਚੋ।
• ਜੇਕਰ ਤੁਹਾਨੂੰ ਫਲੂ ਵਰਗੇ ਲੱਛਣ ਹੋਣ ਤਾਂ ਘਰ ਵਿੱਚ ਹੀ ਰਹੋ ਅਤੇ ਆਰਾਮ ਕਰੋ।
ਸਿਹਤ ਮੰਤਰਾਲੇ ਨੇ ਲੋਕਾਂ ਨੂੰ ਆਪਣੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਜੇਕਰ ਕੋਈ ਵੀ ਲੱਛਣ ਲੰਮੇ ਸਮੇਂ ਤੱਕ ਰਹੇ ਤਾਂ ਨੇੜਲੇ ਸਰਕਾਰੀ ਜਾਂ ਪ੍ਰਾਈਵੇਟ ਸਿਹਤ ਕੇਂਦਰ ਵਿੱਚ ਤੁਰੰਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ। ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ।