ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਸਥਿਤ ਜੈਸ਼-ਏ-ਮੁਹੰਮਦ (JeM) ਦਾ ਮੁੱਖ ਦਫ਼ਤਰ, ਜਿਸ ਨੂੰ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਤਬਾਹ ਕਰ ਦਿੱਤਾ ਸੀ, ਹੁਣ ਲਗਭਗ 15 ਮਹੀਨਿਆਂ ਬਾਅਦ ਮੁੜ ਸੁਰਜੀਤ ਹੋ ਗਿਆ ਹੈ। ਖਬਰੀ ਚੈਨਲਾਂ ਵੱਲੋਂ ਜਾਰੀ ਤਸਵੀਰਾਂ ਅਤੇ ਵੀਡੀਓ ਫੁਟੇਜ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਪ੍ਰਸ਼ਾਸਨ ਨੇ ਇਸ ਅੱਤਵਾਦੀ ਕੇਂਦਰ ਦੇ ਪੁਨਰ-ਉਸਾਰੀ 'ਤੇ ਬਹੁਤ ਵੱਡੀ ਰਕਮ ਖ਼ਰਚ ਕੀਤੀ ਹੈ ਤਾਂ ਜੋ ਸਾਰੇ ਨੁਕਸਾਨ ਦੇ ਨਿਸ਼ਾਨ ਮਿਟਾਏ ਜਾ ਸਕਣ।
7 ਮਈ 2025 ਨੂੰ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਖੇਤਰਾਂ 'ਚ ਛੁਪੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਕਾਰਵਾਈ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ। ਇਸ ਹਮਲੇ ਦੌਰਾਨ ਬਹਾਵਲਪੁਰ ਸਥਿਤ ਜੈਸ਼-ਏ-ਮੁਹੰਮਦ ਦਾ ਮੁੱਖ ਕੇਂਦਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਪਰ ਹੁਣ ਮਿਲੀਆਂ ਤਸਵੀਰਾਂ ਵਿੱਚ ਮੁੱਖ ਇਮਾਰਤਾਂ ਦੀ ਮੁਰੰਮਤ ਦਾ ਕੰਮ ਲਗਭਗ ਮੁਕੰਮਲ ਦਿਸ ਰਿਹਾ ਹੈ। ਮਲਬਾ ਹਟਾ ਦਿੱਤਾ ਗਿਆ ਹੈ, ਖਰਾਬ ਹੋਈਆਂ ਥਾਵਾਂ 'ਤੇ ਨਵੀਂ ਪੁਨਰ-ਸਥਾਪਨਾ ਕੀਤੀ ਗਈ ਹੈ ਅਤੇ ਰੰਗ-ਰੋਗਾਨ ਕਰਕੇ ਇਸ ਨੂੰ ਹਮਲੇ ਤੋਂ ਪਹਿਲਾਂ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਖੁਫੀਆ ਸੂਤਰਾਂ ਅਨੁਸਾਰ ਇਸ ਮੁੜ-ਉਸਾਰੀ 'ਤੇ ਲਗਭਗ 25 ਕਰੋੜ ਪਾਕਿਸਤਾਨੀ ਰੁਪਏ ਖ਼ਰਚ ਕੀਤੇ ਗਏ ਹਨ। ਇਹ ਰਕਮ ਵੱਖ-ਵੱਖ ਕਿਸ਼ਤਾਂ ਵਿੱਚ ਨਕਦ ਦਿੱਤੀ ਗਈ ਹੈ। ਇਸ ਵਿੱਚੋਂ ਸਿਰਫ਼ ਮੁੱਖ ਹਾਲ ਦੀ ਮੁਰੰਮਤ 'ਤੇ 11 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਹਨ, ਜਿੱਥੇ ਹਮਲੇ ਕਾਰਨ ਵੱਡੇ ਗੱਡੇ ਪੈ ਗਏ ਸਨ। ਇਸ ਤੋਂ ਇਲਾਵਾ ਖਰਾਬ ਹੋਏ ਗੁੰਬਦ ਵੀ ਮੁੜ ਬਣਾਏ ਗਏ ਹਨ।
ਆਸ-ਪਾਸ ਮੌਜੂਦ ਕੁਝ ਹੋਰ ਇਮਾਰਤਾਂ, ਜਿਨ੍ਹਾਂ ਵਿੱਚ ਮਦਰੱਸਾ ਅਲ-ਸਬੀਰ ਅਤੇ ਅੱਤਵਾਦੀ ਕਮਾਂਡਰਾਂ ਦੇ ਆਵਾਸ ਸ਼ਾਮਲ ਸਨ, ਨੂੰ ਵੀ ਪੂਰੀ ਤਰ੍ਹਾਂ ਮੁੜ ਉਸਾਰਿਆ ਗਿਆ ਹੈ। ਇਹ ਇਮਾਰਤਾਂ ਅਜਿਹੇ ਢੰਗ ਨਾਲ ਬਣਾਈਆਂ ਗਈਆਂ ਹਨ ਕਿ ਪੁਰਾਣੇ ਢਾਂਚੇ ਅਤੇ ਹਮਲੇ ਦੇ ਨਿਸ਼ਾਨਾਂ ਦਾ ਕੋਈ ਅਸਰ ਨਜ਼ਰ ਨਹੀਂ ਆਉਂਦਾ।
ਇਸ ਮੁੜ-ਉਸਾਰੀ ਨਾਲ ਖੇਤਰ ਵਿੱਚ ਸੁਰੱਖਿਆ ਚਿੰਤਾਵਾਂ ਮੁੜ ਸੁਰਜੀਤ ਹੋ ਗਈਆਂ ਹਨ। ਖੁਫੀਆ ਏਜੰਸੀਆਂ ਨੇ ਸੰਕੇਤ ਦਿੱਤੇ ਹਨ ਕਿ ਇਸ ਅੱਡੇ ਨੂੰ ਦੁਬਾਰਾ ਸਰਗਰਮ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਭਾਰਤੀ ਸੁਰੱਖਿਆ ਅਦਾਰਿਆਂ ਵੱਲੋਂ ਇਸ ਸਬੰਧੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।