ਜੇਕਰ ਤੁਸੀਂ ਕਦੀ ਦੂਸ਼ਿਤ ਭੋਜਨ ਜਾਂ ਪਾਣੀ ਕਾਰਨ ਪੇਟ ਦੀ ਬਿਮਾਰੀ ਦਾ ਸ਼ਿਕਾਰ ਹੋਏ ਹੋ, ਤਾਂ ਸ਼ਾਇਦ ਤੁਹਾਨੂੰ ਦਸਤ, ਉਲਟੀ ਜਾਂ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਅਜਿਹੀ ਸਥਿਤੀ ਵਿੱਚ ਆਮ ਤੌਰ 'ਤੇ BRAT ਡਾਇਟ – ਕੇਲਾ, ਚੌਲ, ਸੇਬ ਦੀ ਸਾਸ ਅਤੇ ਟੋਸਟ – ਨੂੰ ਆਰਾਮਦਾਇਕ ਖੁਰਾਕ ਵਜੋਂ ਸਿਫ਼ਾਰਸ਼ ਕੀਤੀ ਜਾਂਦੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਾਇਟ ਭਾਵੇਂ ਪਾਚਨ ਪ੍ਰਣਾਲੀ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦੀ ਹੈ, ਪਰ ਇਹ ਪੂਰੀ ਤਰ੍ਹਾਂ ਰਿਕਵਰੀ ਲਈ ਲੋੜੀਂਦੀ ਨਹੀਂ ਹੈ। ਦਰਅਸਲ, ਹੁਣ ਖੋਜ ਇਹ ਵੀ ਦੱਸਦੀ ਹੈ ਕਿ ਫਾਈਬਰ ਨਾਲ ਭਰਪੂਰ ਖੁਰਾਕ ਨਾ ਸਿਰਫ਼ ਬਿਮਾਰੀ ਤੋਂ ਛੇਤੀ ਉਭਰਨ ਵਿੱਚ ਮਦਦ ਕਰਦੀ ਹੈ, ਸਗੋਂ ਅੰਤੜੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਸਹਾਈ ਹੁੰਦੀ ਹੈ।
BRAT ਡਾਇਟ ਦਾ ਮੁੱਖ ਆਧਾਰ ਸਾਦੇ ਅਤੇ ਹਜ਼ਮ ਵਿੱਚ ਆਸਾਨ ਭੋਜਨ ਹੈ। ਇਹ ਉਸ ਸਮੇਂ ਫ਼ਾਇਦੇਮੰਦ ਹੁੰਦੀ ਹੈ ਜਦੋਂ ਪੇਟ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੋਵੇ। ਇਸ ਡਾਇਟ ਵਿੱਚ ਖਾਣ ਵਾਲੀਆਂ ਚੀਜ਼ਾਂ ਜਿਵੇਂ ਕੇਲਾ, ਚੌਲ, ਸੇਬ ਦੀ ਸਾਸ ਅਤੇ ਟੋਸਟ ਬਹੁਤ ਹੀ ਸੌਖੇ ਅਤੇ ਹਲਕੇ ਹੁੰਦੇ ਹਨ, ਪਰ ਪੌਸ਼ਟਿਕ ਤੱਤਾਂ ਦੇ ਮਾਮਲੇ ਵਿੱਚ ਇਹ ਬਹੁਤ ਸੀਮਤ ਹਨ। ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਡਾਇਟ ਪਾਚਨ ਪ੍ਰਣਾਲੀ ਨੂੰ ਆਰਾਮ ਦਿੰਦੀ ਹੈ, ਪਰ ਇਸ ਵਿੱਚ ਪ੍ਰੋਟੀਨ, ਚਰਬੀ ਅਤੇ ਕੁਝ ਜ਼ਰੂਰੀ ਵਿਟਾਮਿਨਾਂ ਦੀ ਘਾਟ ਹੁੰਦੀ ਹੈ, ਜੋ ਰਿਕਵਰੀ ਲਈ ਜ਼ਰੂਰੀ ਹਨ।
ਪੋਸ਼ਣ ਮਾਹਿਰ BRAT ਡਾਇਟ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣ ਦੀ ਬਜਾਏ, ਵਿਭਿੰਨ ਖੁਰਾਕ ਵੱਲ ਜਾਣ 'ਤੇ ਜ਼ੋਰ ਦਿੰਦੇ ਹਨ। ਜਿਵੇਂ ਹੀ ਉਲਟੀ ਅਤੇ ਬਹੁਤ ਜ਼ਿਆਦਾ ਦਸਤ 'ਚ ਸੁਧਾਰ ਹੋਣ ਲੱਗੇ, ਉਸ ਤੋਂ ਬਾਅਦ ਹੌਲੀ-ਹੌਲੀ ਫਾਈਬਰ ਵਾਲੇ ਭੋਜਨ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ। ਲੰਮੇ ਸਮੇਂ ਤੱਕ ਸਿਰਫ BRAT ਡਾਇਟ ’ਤੇ ਰਹਿਣ ਨਾਲ ਸਰੀਰ ਨੂੰ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਰਹਿ ਸਕਦੀ ਹੈ, ਜਿਸ ਕਾਰਨ ਰਿਕਵਰੀ 'ਚ ਦੇਰੀ ਹੋ ਸਕਦੀ ਹੈ।
ਘੁਲਣਸ਼ੀਲ ਫਾਈਬਰ, ਜੋ ਕਿ ਕੇਲੇ, ਓਟਸ, ਸੇਬ, ਗਾਜਰ ਅਤੇ ਆਲੂ ਵਿੱਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ, ਪਾਣੀ ਨੂੰ ਸੋਖ ਕੇ ਪਾਚਨ ਪ੍ਰਣਾਲੀ 'ਚ ਇੱਕ ਜੈੱਲ ਵਰਗਾ ਪਦਾਰਥ ਬਣਾਉਂਦਾ ਹੈ। ਇਹ ਢਿੱਲੇ ਮਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਫਾਈਬਰ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਭੋਜਨ ਪ੍ਰਦਾਨ ਕਰਕੇ ਉਨ੍ਹਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਲਾਗ ਤੋਂ ਬਾਅਦ ਅੰਤੜੀਆਂ ਦੀ ਸਿਹਤ ਜਲਦੀ ਬਹਾਲ ਹੁੰਦੀ ਹੈ।
ਇੱਕ ਅਧਿਐਨ ਅਨੁਸਾਰ, ਪੇਟ ਦੀ ਬਿਮਾਰੀ ਦੌਰਾਨ ਸਹੀ ਫਾਈਬਰ ਦਾ ਸੇਵਨ ਅੰਤੜੀਆਂ ਦੀ ਕਾਰਜਸ਼ੀਲਤਾ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਖੋਜ ਇਹ ਵੀ ਦੱਸਦੀ ਹੈ ਕਿ ਫਾਈਬਰ-ਭਰਪੂਰ ਭੋਜਨ ਦੇ ਪ੍ਰੋਬਾਇਓਟਿਕ ਪ੍ਰਭਾਵ ਅੰਤੜੀ ਮਾਈਕ੍ਰੋਬਾਇਓਮ ਨੂੰ ਮੁੜ ਤੰਦਰੁਸਤ ਕਰਨ ਵਿੱਚ ਸਹਾਇਕ ਹੁੰਦੇ ਹਨ। ਦਰਅਸਲ, ਵਾਇਰਲ ਲਾਗ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨੂੰ ਠੀਕ ਕਰਨ ਲਈ ਫਾਈਬਰ ਯੁਕਤ ਭੋਜਨ ਹੀ ਸਭ ਤੋਂ ਪ੍ਰਭਾਵਸ਼ਾਲੀ ਹੱਲ ਹੋ ਸਕਦਾ ਹੈ।
ਭਾਰਤੀ ਰਸੋਈ ਵਿੱਚ ਫਾਈਬਰ ਭਰਪੂਰ ਭੋਜਨਾਂ ਦੀ ਕੋਈ ਕਮੀ ਨਹੀਂ ਹੈ। ਸਾਡੀ ਪਰੰਪਰਾਗਕ ਖੁਰਾਕ ਵਿੱਚ ਦਾਲਾਂ, ਸਬਜ਼ੀਆਂ, ਸਲਾਦ, ਫਲ, ਓਟਸ, ਬਾਜਰਾ, ਜੌਂ, ਆਦਿ ਆਸਾਨੀ ਨਾਲ ਉਪਲਬਧ ਹਨ। ਇਸ ਲਈ BRAT ਡਾਇਟ ਦੀ ਬਜਾਏ, ਭਾਰਤੀ ਲੋਕ ਸਥਾਨਕ ਤੌਰ 'ਤੇ ਮਿਲਣ ਵਾਲੇ ਫਾਈਬਰ ਯੁਕਤ ਭੋਜਨ ਖਾ ਕੇ ਨਾ ਸਿਰਫ਼ ਛੇਤੀ ਠੀਕ ਹੋ ਸਕਦੇ ਹਨ, ਸਗੋਂ ਆਪਣੀ ਪਾਚਨ ਸ਼ਕਤੀ ਨੂੰ ਵੀ ਲੰਮੇ ਸਮੇਂ ਲਈ ਮਜ਼ਬੂਤ ਰੱਖ ਸਕਦੇ ਹਨ।