Courtesy: @TejYadav14
ਪਟਨਾ: ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਜਨਸ਼ਕਤੀ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਤੇਜ ਪ੍ਰਤਾਪ ਯਾਦਵ ਦੇ ਪਟਨਾ ਸਥਿਤ ਘਰੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਨੇ ਤੇਜ ਪ੍ਰਤਾਪ ਦੇ ਘਰੋਂ ਨ ਸਿਰਫ਼ 20 ਲੱਖ ਰੁਪਏ ਹੀ ਲੁੱਟੇ ਬਲਕਿ, ਸੋਨੇ ਦੇ ਗਹਣਿਆਂ ਦੇ ਨਾਲ ਕੀਮਤੀ ਚੀਜ਼ਾਂ ਲੈਪਟਾਪ, ਆਈਫੋਨ ਵੀ ਲੈ ਉੱਡੇ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਸਥਾਨਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਪਣੇ ਹੀ ਨਿੱਜੀ ਸਹਾਇਕ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਲੱਖਾਂ ਰੁਪਏ ਅਤੇ ਕੀਮਤੀ ਸਮਾਨ ਗਾਇਬ ਹੋਣ ਦਾ ਦੋਸ਼
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਚੋਰ ਨੇ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਰੀਬ 20 ਲੱਖ ਰੁਪਏ ਨਕਦ, ਸੋਨੇ ਦੀ ਚੇਨ, ਸੋਨੇ ਦੀ ਅੰਗੂਠੀ, ਆਈਪੈਡ, ਮੈਕਬੁੱਕ, ਲੈਪਟਾਪ ਅਤੇ ਆਈਫੋਨ ਸਮੇਤ ਹੋਰ ਕੀਮਤੀ ਵਸਤਾਂ ਦੀ ਚੋਰੀ ਕੀਤੀ।
ਤੇਜ ਪ੍ਰਤਾਪ ਯਾਦਵ ਦਾ ਕਹਿਣਾ ਹੈ ਕਿ ਇਹ ਸਾਰਾ ਸਮਾਨ ਘਰ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਚੋਰੀ ਹੋਣ ਤੋਂ ਬਾਅਦ ਹੋਈ।
ਨਿੱਜੀ ਸਹਾਇਕ 'ਤੇ ਲਗੇ ਦੋਸ਼
ਸ਼ਿਕਾਇਤ ਅਨੁਸਾਰ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਮੋਤੀਲਾਲ ਰਾਏ, ਜੋ ਤੇਜ ਪ੍ਰਤਾਪ ਯਾਦਵ ਦੇ ਨਿੱਜੀ ਸਹਾਇਕ ਵਜੋਂ ਕੰਮ ਕਰ ਰਹੇ ਸਨ, ਉਨ੍ਹਾਂ 'ਤੇ ਚੋਰੀ ਕਰਨ ਦਾ ਸ਼ੱਕ ਜਤਾਇਆ ਗਿਆ ਹੈ।
ਤੇਜ ਪ੍ਰਤਾਪ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਇਹ ਘਟਨਾ ਮੋਤੀਲਾਲ ਰਾਏ ਵੱਲੋਂ ਹੀ ਅੰਜਾਮ ਦਿੱਤੀ ਗਈ ਹੈ।
ਕੰਧ ਟੱਪ ਕੇ ਜਾਣ ਦਾ ਦਾਅਵਾ
ਸ਼ਿਕਾਇਤ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ 22 ਜੂਨ ਦੀ ਰਾਤ ਘਰ ਦੇ ਦੋ ਕਰਮਚਾਰੀਆਂ ਨੇ ਮੋਤੀਲਾਲ ਰਾਏ ਨੂੰ ਇੱਕ ਬੈਗ ਨਾਲ ਨਿਵਾਸ ਦੀ ਕੰਧ ਟੱਪ ਕੇ ਬਾਹਰ ਜਾਂਦੇ ਹੋਏ ਦੇਖਿਆ ਸੀ। ਇਹ ਘਟਨਾ ਰਾਤ ਕਰੀਬ 11:30 ਵਜੇ ਦੀ ਹੈ ਅਤੇ ਇਸ ਮਾਮਲੇ ਵਿੱਚ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗਵਾਹ ਵਜੋਂ ਦਰਸਾਇਆ ਗਿਆ ਹੈ।
ਪੁਲਿਸ ਤੋਂ ਕੀਤੀ ਕਾਰਵਾਈ ਦੀ ਮੰਗ
ਤੇਜ ਪ੍ਰਤਾਪ ਯਾਦਵ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਏ ਸਾਰੇ ਸਮਾਨ ਦੀ ਬਰਾਮਦਗੀ ਯਕੀਨੀ ਬਣਾਈ ਜਾਵੇ। ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਹਾਲੀਆ ਦਿਨਾਂ ਵਿੱਚ ਵਧੀਆਂ ਮੁਸ਼ਕਲਾਂ
ਤੇਜ ਪ੍ਰਤਾਪ ਯਾਦਵ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਖ-ਵੱਖ ਵਿਵਾਦਾਂ ਅਤੇ ਸ਼ਿਕਾਇਤਾਂ ਕਾਰਨ ਚਰਚਾ ਵਿੱਚ ਹਨ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਵੱਲੋਂ ਇੱਕ ਹੋਰ ਵਿਅਕਤੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਜਨਤਕ ਤੌਰ 'ਤੇ ਆਪਣੇ ਛੋਟੇ ਭਰਾ ਤੇਜਸਵੀ ਯਾਦਵ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਸ਼ਕਲ ਸਮੇਂ ਪਰਿਵਾਰ ਦਾ ਸਾਥ ਬਹੁਤ ਮਹੱਤਵ ਰੱਖਦਾ ਹੈ।