ਸਫ਼ਦਰਜੰਗ ਹਸਪਤਾਲ ਵਿੱਚ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਆਂਗਮੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਦੇ ਇਲਾਜ 'ਤੇ ਭਰੋਸਾ ਨਹੀਂ ਹੈ ਅਤੇ ਇਸ ਨੂੰ ਗੈਰ-ਕਾਨੂੰਨੀ ਹਿਰਾਸਤ ਦਾ ਦਰਜਾ ਦਿੰਦਿਆਂ ਕਿਹਾ ਕਿ ਵਾਂਗਚੁਕ ਨਾਲ ਜਬਰੀ ਇਲਾਜ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸ਼ਨੀਵਾਰ ਸਵੇਰੇ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਵਾਂਗਚੁਕ ਨੂੰ ਉੱਥੋਂ ਚੁੱਕ ਕੇ ਸਫ਼ਦਰਜੰਗ ਹਸਪਤਾਲ ਦਾਖਲ ਕਰਵਾ ਦਿੱਤਾ ਸੀ। ਹਸਪਤਾਲ ਵਿੱਚ ਵੀ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ। ਐਤਵਾਰ ਨੂੰ ਇਹ ਹੜਤਾਲ 22ਵੇਂ ਦਿਨ 'ਚ ਦਾਖਲ ਹੋ ਗਈ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਡ੍ਰਿਪ, ਓਆਰਐਸ ਅਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ।
ਵਾਂਗਚੁਕ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ 20 ਜੁਲਾਈ ਨੂੰ 'ਆਜ਼ਾਦੀ ਦੀ ਦੂਜੀ ਲਹਿਰ' ਦਾ ਐਲਾਨ ਕੀਤਾ ਗਿਆ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਲਹਿਰ ਪੇਪਰ ਲੀਕ ਵਰਗੇ ਅਨਿਆਂ ਅਤੇ ਗੈਰ-ਕਾਨੂੰਨੀ ਹਿਰਾਸਤ ਵਰਗੇ ਡਰ ਤੋਂ ਆਜ਼ਾਦੀ ਲਈ ਹੋਵੇਗੀ।
ਵਾਂਗਚੁਕ ਨੂੰ ਹਸਪਤਾਲ ਲਿਜਾਏ ਜਾਣ ਦੇ ਬਾਵਜੂਦ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਪ੍ਰਦਰਸ਼ਨ ਜਾਰੀ ਹੈ। ਸੀਜੇਪੀ ਸੰਸਥਾਪਕ ਅਭਿਜੀਤ ਦੀਪਕੇ ਵੀ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ 20 ਜੁਲਾਈ ਨੂੰ ਸੰਸਦ ਭਵਨ ਵੱਲ ਵੱਡਾ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਸੀਜੇਪੀ ਅਤੇ ਵਾਂਗਚੁਕ 28 ਜੂਨ ਤੋਂ ਨੀਟ ਪੇਪਰ ਲੀਕ ਮਾਮਲੇ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਮਰਣ ਅਨਸ਼ਨ 'ਤੇ ਹਨ।
ਪੁਲਿਸ ਸੂਤਰਾਂ ਮੁਤਾਬਕ, ਵਾਂਗਚੁਕ ਨੂੰ ਧਰਨਾ ਸਥਲ ਤੋਂ ਹਟਾਉਣ ਦੇ ਆਦੇਸ਼ ਸ਼ੁੱਕਰਵਾਰ ਰਾਤ 1:30 ਵਜੇ ਦਿੱਤੇ ਗਏ ਸਨ। ਇਹ ਆਦੇਸ਼ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਦੇ ਅਹੁਦਾ ਸੰਭਾਲਣ ਦੇ ਮਹਿਜ਼ 24 ਘੰਟਿਆਂ ਦੇ ਅੰਦਰ ਆਏ। ਆਦੇਸ਼ ਮਿਲਣ ਤੋਂ ਬਾਅਦ ਨਵੀਂ ਦਿੱਲੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੰਦਿਰ ਮਾਰਗ ਥਾਣੇ ਵਿੱਚ ਇਕੱਠ ਹੋ ਕੇ ਰਣਨੀਤੀ ਤਿਆਰ ਕੀਤੀ।
ਰਣਨੀਤੀ ਦੇ ਤਹਿਤ ਇਹ ਯਕੀਨੀ ਬਣਾਇਆ ਗਿਆ ਕਿ ਇੱਕ ਮਿੰਟ ਦੇ ਅੰਦਰ-ਅੰਦਰ ਵਾਂਗਚੁਕ ਨੂੰ ਬਿਨਾਂ ਕਿਸੇ ਟਕਰਾਅ ਦੇ ਐਂਬੂਲੈਂਸ ਤੱਕ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਮੌਕੇ 'ਤੇ ਜੈਮਰ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ, ਤਾਂ ਜੋ ਕਾਰਵਾਈ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਹੋ ਸਕਣ। ਸਵੇਰੇ 5 ਵਜੇ ਅਧਿਕਾਰੀ ਜੰਤਰ-ਮੰਤਰ ਪਹੁੰਚੇ ਅਤੇ ਆਖ਼ਰੀ ਬਰੀਫਿੰਗ ਤੋਂ ਬਾਅਦ ਸਾਦੇ ਕੱਪੜਿਆਂ ਵਿੱਚ ਪੁਲਿਸ ਕਰਮਚਾਰੀ ਚਿੱਟੀਆਂ ਚਾਦਰਾਂ ਲੈ ਕੇ ਮੰਚ 'ਤੇ ਚੜ੍ਹ ਗਏ। ਇਨ੍ਹਾਂ ਚਾਦਰਾਂ ਦੀ ਵਰਤੋਂ ਕਾਰਵਾਈ ਨੂੰ ਫ਼ਿਲਮਾਉਣ ਤੋਂ ਰੋਕਣ ਲਈ ਕੀਤੀ ਗਈ।
ਦਿੱਲੀ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਗੀਤਾਂਜਲੀ ਆਂਗਮੋ ਨੇ ਕਿਹਾ ਕਿ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਹੈ ਅਤੇ ਵਾਂਗਚੁਕ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਾਂਗਚੁਕ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇ, ਜਿੱਥੇ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ। ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪੁਲਿਸ ਵੱਲੋਂ ਵਾਂਗਚੁਕ ਨੂੰ ਹਸਪਤਾਲ ਲਿਜਾਣਾ ਇੱਕ ਗੈਰ-ਕਾਨੂੰਨੀ ਹਰਕਤ ਸੀ, ਜਿਸ ਨੂੰ ਹਿਰਾਸਤ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।