menu-icon
Punjabi Story Line
  • Home
  • News
  • National
  • ਮੌਸਮ ਦਾ ਕਹਿਰ: ਸਮੁੰਦਰ ’ਚੋਂ ਉੱਠਿਆ ਬੱਦਲਾਂ ਦਾ ਸਮੂਹ, 7 ਦਿਨ ਭਾਰੀ ਮੀਂਹ ਦਾ ਰੈੱਡ ਅਲਰਟ’

ਮੌਸਮ ਦਾ ਕਹਿਰ: ਸਮੁੰਦਰ ’ਚੋਂ ਉੱਠਿਆ ਬੱਦਲਾਂ ਦਾ ਸਮੂਹ, 7 ਦਿਨ ਭਾਰੀ ਮੀਂਹ ਦਾ ਰੈੱਡ ਅਲਰਟ’

ਭਾਰਤ ’ਚ ਮਾਨਸੂਨ ਨੇ ਇਕ ਵਾਰ ਫਿਰ ਆਪਣਾ ਤਾਂਡਵ ਦਿਖਾਉਣ ਦਾ ਫੈਸਲਾ ਕਰ ਲਿਆ ਹੈ। ਮੌਸਮ ਵਿਭਾਗ (IMD) ਮੁਤਾਬਕ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ’ਚ ਬੱਦਲਾਂ ਦੀ ਇਕ ਵਿਸ਼ਾਲ ਲਹਿਰ ਸਰਗਰਮ ਹੋ ਕੇ ਭਾਰਤ ਵੱਲ ਵਧ ਰਹੀ ਹੈ, ਜਿਸ ਕਾਰਨ ਉੱਤਰ, ਮੱਧ ਅਤੇ ਪੂਰਬੀ ਭਾਰਤ ’ਚ ਭਾਰੀ ਮੀਂਹ ਪੈਣ ਦੀ ਆਸ਼ੰਕਾ ਹੈ। ਇਸ ਤੋਂ ਇਲਾਵਾ ਅਗਲੇ 24 ਘੰਟਿਆਂ ’ਚ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ, ਜੋ ਪੂਰਬੀ ਭਾਰਤ ਤੋਂ ਲੈ ਕੇ ਹਿਮਾਲਈ ਖੇਤਰ ਤਕ ਮੀਂਹ ਦੀ ਤਬਾਹੀ ਮਚਾ ਸਕਦਾ ਹੈ। ਆਓ ਜਾਣਦੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਕਿੱਥੇ-ਕਿੱਥੇ ਮਹਾ-ਮੀਂਹ ਵਰ੍ਹੇਗਾ ਅਤੇ ਕਿਨ੍ਹਾਂ ਰਾਜਾਂ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

Date Updated Last Updated : 14 July 2026, 06:29 PM IST
Share:

ਭਾਰਤੀ ਮੌਸਮ ਵਿਭਾਗ ਨੇ ਸੈਟੇਲਾਈਟ ਤਸਵੀਰਾਂ ਦੇ ਆਧਾਰ ’ਤੇ ਦੱਸਿਆ ਹੈ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਬੱਦਲਾਂ ਦਾ ਇਕ ਵੱਡਾ ਸਮੂਹ (ਵਾਈਟ ਜ਼ੋਨ) ਉੱਠ ਕੇ ਭਾਰਤ ਵੱਲ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਇਹ ਬੱਦਲ ਮਾਨਸੂਨੀ ਨਮੀ ਨਾਲ ਭਰਪੂਰ ਹਨ, ਜਿਸ ਕਾਰਨ ਉੱਤਰ, ਮੱਧ ਅਤੇ ਪੂਰਬੀ ਭਾਰਤ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਇਸ ਤੋਂ ਇਲਾਵਾ, ਮੌਸਮ ਮਾਹਿਰਾਂ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਉੱਤਰੀ ਬੰਗਾਲ ਦੀ ਖਾੜੀ ਅਤੇ ਇਸ ਨਾਲ ਲੱਗਦੇ ਪੱਛਮੀ ਬੰਗਾਲ-ਬੰਗਲਾਦੇਸ਼ ਤੱਟਾਂ ’ਤੇ ਘੱਟ ਦਬਾਅ ਦਾ ਖੇਤਰ ਬਣ ਸਕਦਾ ਹੈ। ਇਸ ਦਾ ਸਿੱਧਾ ਅਸਰ ਪੂਰਬੀ ਭਾਰਤ, ਪੂਰਬੋਤਰੀ ਰਾਜਾਂ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਹਿਮਾਲਈ ਖੇਤਰ ’ਤੇ ਵੇਖਣ ਨੂੰ ਮਿਲ ਸਕਦਾ ਹੈ, ਜਿੱਥੇ ਅਗਲੇ ਹਫ਼ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਵਿਸ਼ੇਸ਼ ਚੌਕਸੀ ਜਾਰੀ

ਓਡੀਸ਼ਾ ਲਈ ਤਾਂ ਮੌਸਮ ਵਿਭਾਗ ਨੇ ਵਿਸ਼ੇਸ਼ ਚੌਕਸੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ 14 ਅਤੇ 15 ਜੁਲਾਈ ਨੂੰ ਓਡੀਸ਼ਾ ਦੇ ਕਈ ਇਲਾਕਿਆਂ ’ਚ 204 ਮਿਲੀਮੀਟਰ ਤੋਂ ਵੀ ਵੱਧ ਮੀਂਹ ਵਰ੍ਹ ਸਕਦਾ ਹੈ, ਜੋ ਕਿ ‘ਮਹਾ-ਬਾਰਿਸ਼’ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਓਡੀਸ਼ਾ ਦੇ ਕੇਂਦਰਪਾੜ੍ਹਾ ’ਚ 16 ਸੈਂਟੀਮੀਟਰ ਤੇ ਬਿਹਾਰ ਦੇ ਪੱਛਮੀ ਚੰਪਾਰਨ ’ਚ 14 ਸੈਂਟੀਮੀਟਰ ਮੀਂਹ ਰਿਕਾਰਡ ਕੀਤਾ ਜਾ ਚੁੱਕਾ ਹੈ। ਵਿਭਾਗ ਨੇ ਸ਼ਹਿਰੀ ਇਲਾਕਿਆਂ ’ਚ ਪਾਣੀ ਭਰਨ, ਸੜਕੀ ਹੜ੍ਹ ਅਤੇ ਪਹਾੜੀ ਖੇਤਰਾਂ ’ਚ ਭੂ-ਸਖਲਣ ਦਾ ਖਤਰਾ ਵੀ ਪ੍ਰਗਟਾਇਆ ਹੈ।

ਗਰਮੀ ਤੇ ਉਮਸ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ

ਜਿੱਥੇ ਪੂਰਬੀ ਭਾਰਤ ਭਿੱਜ ਰਿਹਾ ਹੈ, ਉੱਥੇ ਦਿੱਲੀ, ਹਰਿਆਣਾ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਮੈਦਾਨਾਂ ’ਚ ਗਰਮੀ ਤੇ ਉਮਸ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਖੇਤਰਾਂ ’ਚ 16 ਜੁਲਾਈ ਤੱਕ ਮੀਂਹ ਦੀ ਸੰਭਾਵਨਾ ਘੱਟ ਹੈ, ਜਿਸ ਕਾਰਨ ਗਰਮੀ ਤੇ ਉਮਸ ਕਾਇਮ ਰਹੇਗੀ। ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 37 ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ, ਹਾਲਾਂਕਿ ਸ਼ਾਮ ਨੂੰ ਹਲਕੀ ਬੂੰਦਾਬਾਂਦੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਵਿਭਾਗ ਨੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਲਈ 19 ਜੁਲਾਈ ਤੱਕ ਰੁਕ-ਰੁਕ ਕੇ ਮੀਂਹ ਪੈਣ ਦਾ ਅਨੁਮਾਨ ਲਗਾਇਆ ਹੈ। ਨਾਲ ਹੀ, ਇਨ੍ਹਾਂ ਇਲਾਕਿਆਂ ’ਚ ਆਂਧੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

14 ਤੋਂ 17 ਜੁਲਾਈ ਦੌਰਾਨ ਮੀਂਹ ਦਾ ਅਨੁਮਾਨ

ਹਿਮਾਲਈ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਤੇ ਮੁਜ਼ੱਫਰਾਬਾਦ ’ਚ 14 ਤੋਂ 17 ਜੁਲਾਈ ਦੌਰਾਨ ਛਿੱਟੇ-ਪੁੱਟੇ ਮੀਂਹ ਦਾ ਅਨੁਮਾਨ ਹੈ। 18-19 ਜੁਲਾਈ ਨੂੰ ਇਹ ਮੀਂਹ ਵਧੇਰੇ ਇਲਾਕਿਆਂ ’ਚ ਫੈਲ ਜਾਵੇਗਾ। ਉੱਤਰਾਖੰਡ ’ਚ 15 ਤੋਂ 19 ਜੁਲਾਈ ਦੌਰਾਨ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ 18 ਤੇ 19 ਜੁਲਾਈ ਨੂੰ ਹਿਮਾਚਲ, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਵਰ੍ਹ ਸਕਦਾ ਹੈ। ਇਸੇ ਤਰ੍ਹਾਂ ਪੂਰਬੀ ਉੱਤਰ ਪ੍ਰਦੇਸ਼ ’ਚ 17 ਤੋਂ 19 ਜੁਲਾਈ ਦੌਰਾਨ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਲੋਕ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਵਰਗੇ ਹਾਲਾਤਾਂ ਨੂੰ ਵੇਖਦਿਆਂ ਫਿਲਹਾਲ ਬੇਲੋੜੇ ਸਫ਼ਰ ਤੋਂ ਬਚਣ, ਪਾਣੀ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

Recent News