ਪੰਜਾਬ ਨਿਊਜ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ’ਤੇ ਬਣਾਏ ਗਏ ਇੱਕ ਫ਼ਰਜ਼ੀ ਖਾਤੇ @SGPCAmritsar_ ਨੂੰ ਬੰਦ ਕਰ ਦਿੱਤਾ ਹੈ। ਇਹ ਖਾਤਾ ਐਕਸ (ਟਵਿੱਟਰ) ਤੋਂ ਬੰਦ ਕੀਤਾ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਭੇਜੇ ਕਾਨੂੰਨੀ ਨੋਟਿਸ ਮਗਰੋਂ ਇਹ ਬੰਦ ਕੀਤਾ ਗਿਆ। ਦੱਸ ਦਈਏ ਕਿ ਇਸ ਖਾਤੇ ਨੂੰ ਲੈ ਕੇ ਕਈ ਵਿਵਾਦ ਉੱਠ ਰਹੇ ਸੀ।
ਈ-ਮੇਲ ਭੇਜ ਕੇ ਦਿੱਤੀ ਗਈ ਜਾਣਕਾਰੀ
ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਅਤੇ ਬੁਲਾਰੇ ਹਰਜਭਨ ਸਿੰਘ ਵਕਤਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ’ਤੇ ਇਸ ਫਰਜ਼ੀ ਖਾਤੇ ਰਾਹੀਂ ਐਕਸ ’ਤੇ ਸਿੱਖ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਸਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਸੀ।ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਮਗਰੋਂ ਐਕਸ ਵੱਲੋਂ ਇਹ ਫ਼ਰਜ਼ੀ ਖਾਤਾ ਬੰਦ ਕਰਨ ਦੀ ਜਾਣਕਾਰੀ ਬਾਰੇ ਈਮੇਲ ਪ੍ਰਾਪਤ ਹੋ ਗਈ ਹੈ।
ਅੱਗੇ ਵੀ ਜਾਰੀ ਰਹੇਗੀ ਕਾਰਵਾਈ
ਬੁਲਾਰੇ ਹਰਭਜਨ ਸਿੰਘ ਨੇ ਕਿਹਾ ਕਿ ਖਾਤੇ ਨੂੰ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਬਾਰੇ ਵੀ ਕਾਰਵਾਈ ਜਾਰੀ ਰੱਖੀ ਜਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਗਲੀ ਕਾਰਵਾਈ ਕਰਨਗੇ। ਅਜਿਹੇ ਅਨਸਰਾਂ ਨੂੰ ਬਖ਼ਸਿਆ ਨਹੀਂ ਜਾਵੇਗਾ।