ਦੁਨੀਆ ਭਰ ਵਿੱਚ AI ਨੂੰ ਭਵਿੱਖ ਦੀ ਸਭ ਤੋਂ ਵੱਡੀ ਤਕਨਾਲੋਜੀ ਮੰਨਿਆ ਜਾ ਰਿਹਾ ਹੈ। ਕੰਪਨੀਆਂ ਦਾ ਸੋਚਣਾ ਸੀ ਕਿ AI ਦੇ ਆਉਣ ਨਾਲ ਮਨੁੱਖੀ ਕਰਮਚਾਰੀਆਂ ‘ਤੇ ਖਰਚ ਘਟੇਗਾ ਅਤੇ ਕੰਮ ਤੇਜ਼ ਹੋ ਜਾਵੇਗਾ। ਪਰ ਹੁਣ ਹਾਲਾਤ ਉਲਟ ਦਿਖਾਈ ਦੇ ਰਹੇ ਹਨ। ਮਾਈਕਰੋਸਾਫਟ, ਉਬਰ ਅਤੇ ਐਨਵੀਡੀਆ ਵਰਗੀਆਂ ਟੈਕ ਕੰਪਨੀਆਂ ਨੂੰ AI ਟੂਲ ਚਲਾਉਣ ਲਈ ਭਾਰੀ ਬਿੱਲ ਭਰਨੇ ਪੈ ਰਹੇ ਹਨ। ਕਈ ਮਾਮਲਿਆਂ ਵਿੱਚ AI ਦਾ ਖਰਚ ਇੰਨਾ ਵੱਧ ਗਿਆ ਕਿ ਕੰਪਨੀਆਂ ਨੂੰ ਆਪਣੀਆਂ ਨੀਤੀਆਂ ‘ਚ ਬਦਲਾਅ ਕਰਨੇ ਪਏ। ਇਸ ਕਾਰਨ ਟੈਕ ਇੰਡਸਟਰੀ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਕੁਝ ਮਹੀਨੇ ਪਹਿਲਾਂ Microsoft ਨੇ ਆਪਣੇ ਹਜ਼ਾਰਾਂ ਕਰਮਚਾਰੀਆਂ ਨੂੰ “Claude Code” ਨਾਮ ਦੇ AI ਟੂਲ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਕੰਪਨੀ ਚਾਹੁੰਦੀ ਸੀ ਕਿ ਕਰਮਚਾਰੀ ਕੋਡਿੰਗ ਅਤੇ ਪ੍ਰੋਜੈਕਟ ਕੰਮ ਵਿੱਚ ਇਸਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਪਰ ਵਰਤੋਂ ਇੰਨੀ ਤੇਜ਼ੀ ਨਾਲ ਵਧੀ ਕਿ ਹੁਣ ਕੰਪਨੀ ਨੂੰ ਕਈ ਕਰਮਚਾਰੀਆਂ ਤੋਂ ਇਸ ਟੂਲ ਦੀ ਪਹੁੰਚ ਵਾਪਸ ਲੈਣੀ ਪਈ। ਰਿਪੋਰਟਾਂ ਮੁਤਾਬਕ ਮਾਈਕਰੋਸਾਫਟ ਹੁਣ ਕਰਮਚਾਰੀਆਂ ਨੂੰ GitHub Copilot CLI ਵੱਲ ਭੇਜ ਰਹੀ ਹੈ। ਹਾਲਾਂਕਿ ਕੰਪਨੀ ਦਾ AI ਫਰਮ Anthropic ਨਾਲ 5 ਅਰਬ ਡਾਲਰ ਦਾ ਸਮਝੌਤਾ ਜਾਰੀ ਰਹੇਗਾ। ਇਹ ਘਟਨਾ AI ਦੇ ਵੱਧਦੇ ਖਰਚ ਨੂੰ ਲੈ ਕੇ ਵੱਡਾ ਸੰਕੇਤ ਮੰਨੀ ਜਾ ਰਹੀ ਹੈ।
ਇਹ ਸਮੱਸਿਆ ਸਿਰਫ ਮਾਈਕਰੋਸਾਫਟ ਤੱਕ ਸੀਮਿਤ ਨਹੀਂ ਰਹੀ। Uber ਦੇ CTO ਪ੍ਰਵੀਣ ਨੇਪੱਲੀ ਨਾਗਾ ਨੇ ਖੁਲਾਸਾ ਕੀਤਾ ਕਿ 2026 ਲਈ ਰੱਖਿਆ ਗਿਆ AI ਕੋਡਿੰਗ ਬਜਟ ਸਿਰਫ਼ ਚਾਰ ਮਹੀਨਿਆਂ ਵਿੱਚ ਹੀ ਖਤਮ ਹੋ ਗਿਆ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ AI ਟੂਲ ਵਰਤਣ ਲਈ ਉਤਸ਼ਾਹਿਤ ਕੀਤਾ ਸੀ। ਟੀਮਾਂ ਵਿੱਚ AI ਦੀ ਵਰਤੋਂ ਵਧਾਉਣ ਲਈ ਖਾਸ ਲੀਡਰਬੋਰਡ ਵੀ ਬਣਾਏ ਗਏ ਸਨ। ਪਰ AI ਦੀ ਲਗਾਤਾਰ ਵਰਤੋਂ ਕਾਰਨ ਖਰਚ ਬੇਕਾਬੂ ਹੋ ਗਿਆ। ਇਸ ਨਾਲ ਕੰਪਨੀ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ।
ਮਾਹਿਰਾਂ ਦਾ ਕਹਿਣਾ ਹੈ ਕਿ AI ਦਾ ਵੱਡਾ ਖਰਚ ਉਸਦੀ “ਟੋਕਨ” ਅਧਾਰਿਤ ਕੀਮਤ ਪ੍ਰਣਾਲੀ ਕਾਰਨ ਵੱਧ ਰਿਹਾ ਹੈ। Large Language Models ਹਰ ਟੋਕਨ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ। ਜਿੰਨਾ ਵੱਧ ਡਾਟਾ ਅਤੇ ਕੰਮ AI ਕਰਦਾ ਹੈ, ਉਨਾ ਹੀ ਵੱਧ ਟੋਕਨ ਵਰਤੇ ਜਾਂਦੇ ਹਨ ਅਤੇ ਬਿੱਲ ਵਧਦਾ ਜਾਂਦਾ ਹੈ। ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ AI ਵਰਤਣ ਲਈ ਪ੍ਰੋਤਸਾਹਿਤ ਕੀਤਾ ਸੀ। ਹੁਣ ਉਹੀ ਰਣਨੀਤੀ ਕੰਪਨੀਆਂ ‘ਤੇ ਭਾਰੀ ਪੈਂਦੀ ਦਿਖ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ AI ਦੀ ਵਰਤੋਂ ਹੋਰ ਵਧੇਗੀ ਅਤੇ ਖਰਚ ਵੀ ਕਾਫ਼ੀ ਵੱਧ ਸਕਦਾ ਹੈ।
ਸਭ ਤੋਂ ਹੈਰਾਨ ਕਰਨ ਵਾਲਾ ਬਿਆਨ NVIDIA ਦੇ ਅਧਿਕਾਰੀ ਬ੍ਰਾਇਨ ਕੈਟਾਨਜ਼ਾਰੋ ਵੱਲੋਂ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਲਈ ਕੰਪਿਊਟ ਪਾਵਰ ਦਾ ਖਰਚ ਕਰਮਚਾਰੀਆਂ ਦੀ ਕੁੱਲ ਤਨਖ਼ਾਹ ਤੋਂ ਵੀ ਵੱਧ ਹੋ ਗਿਆ ਹੈ। ਐਨਵੀਡੀਆ ਉਹੀ ਕੰਪਨੀ ਹੈ ਜੋ ਦੁਨੀਆ ਭਰ ਵਿੱਚ AI ਚਲਾਉਣ ਵਾਲੀਆਂ ਚਿਪਸ ਤਿਆਰ ਕਰਦੀ ਹੈ। ਇਸ ਖੁਲਾਸੇ ਤੋਂ ਬਾਅਦ ਟੈਕ ਇੰਡਸਟਰੀ ਵਿੱਚ AI ਦੀ ਅਸਲ ਲਾਗਤ ‘ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਕਈ ਮਾਹਿਰ ਹੁਣ ਕਹਿ ਰਹੇ ਹਨ ਕਿ AI ਭਵਿੱਖ ਤਾਂ ਹੈ, ਪਰ ਇਹ ਸਸਤਾ ਭਵਿੱਖ ਨਹੀਂ ਹੋਵੇਗਾ।