ਹਾਕੀ ਇੰਡੀਆ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਹਾਕੀ ਦਾ ਗੜ੍ਹ ਰਿਹਾ ਹੈ ਅਤੇ ਹੁਣ ਪਹਿਲੀ ਵਾਰ ਇਸ ਤਰ੍ਹਾਂ ਦਾ ਵੱਡਾ ਅੰਤਰਰਾਸ਼ਟਰੀ ਟੂਰਨਾਮੈਂਟ ਸੂਬੇ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਇਸ ਨਾਲ ਪੰਜਾਬ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਨੌਜਵਾਨਾਂ ਵਿੱਚ ਖੇਡਾਂ ਲਈ ਨਵਾਂ ਜਜ਼ਬਾ ਪੈਦਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਕਈ ਮਹਾਨ ਹਾਕੀ ਖਿਡਾਰੀ ਦਿੱਤੇ ਹਨ। ਹੁਣ ਜਦੋਂ ਦੁਨੀਆ ਦੀਆਂ ਟੌਪ ਟੀਮਾਂ ਪੰਜਾਬ ਦੀ ਧਰਤੀ ‘ਤੇ ਖੇਡਣ ਆਉਣਗੀਆਂ ਤਾਂ ਇਸ ਨਾਲ ਨਵੀਂ ਪੀੜ੍ਹੀ ਖੇਡ ਮੈਦਾਨਾਂ ਵੱਲ ਆਕਰਸ਼ਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਨੌਜਵਾਨ ਮੋਬਾਈਲ ਅਤੇ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਨਾਲ ਜੁੜਣ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਟੂਰਨਾਮੈਂਟ ਲਈ ਸ਼ਾਨਦਾਰ ਪ੍ਰਬੰਧ ਕਰੇਗੀ। ਖਿਡਾਰੀਆਂ ਅਤੇ ਅਧਿਕਾਰੀਆਂ ਲਈ ਸੁਰੱਖਿਆ ਤੋਂ ਲੈ ਕੇ ਹਰ ਲੋੜੀਂਦੀ ਸਹੂਲਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਮੇਜ਼ਬਾਨੀ ਦੁਨੀਆ ਭਰ ਵਿੱਚ ਇੱਕ ਮਿਸਾਲ ਬਣੇ।
ਮੁੱਖ ਮੰਤਰੀ ਨੇ ਦੱਸਿਆ ਕਿ ਏਸ਼ੀਆ ਦੀ ਇਸ ਮਸ਼ਹੂਰ ਹਾਕੀ ਚੈਂਪੀਅਨਸ਼ਿਪ ਦੇ ਮੈਚ ਜਲੰਧਰ ਦੇ ਮਸ਼ਹੂਰ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੈਦਾਨ ਪਹਿਲਾਂ ਵੀ ਕਈ ਮਹੱਤਵਪੂਰਨ ਮੁਕਾਬਲਿਆਂ ਦੇ ਗਵਾਹ ਰਹੇ ਹਨ ਅਤੇ ਹੁਣ ਦੁਨੀਆ ਦੀਆਂ ਟੀਮਾਂ ਇੱਥੇ ਆਪਣਾ ਜਲਵਾ ਵਿਖਾਉਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਦੇ ਸਮਾਪਤ ਹੋਣ ਤੋਂ ਬਾਅਦ ਟੌਪ ਛੇ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਮਿਲਣਾ ਖੇਡ ਖੇਤਰ ਵਿੱਚ ਵੱਡੀ ਉਪਲਬਧੀ ਹੈ। ਇਸ ਨਾਲ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਖੇਡ ਨਕਸ਼ੇ ‘ਤੇ ਹੋਰ ਉਭਰੇਗਾ।
ਭਗਵੰਤ ਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਨੂੰ ਇੱਕ ਹੋਰ ਅੰਤਰਰਾਸ਼ਟਰੀ “ਫੋਰ ਨੇਸ਼ਨ ਇਨਵਾਈਟੇਸ਼ਨ ਟੂਰਨਾਮੈਂਟ” ਦੀ ਮਨਜ਼ੂਰੀ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਹਾਕੀ ਨੂੰ ਵੱਡਾ ਉਤਸ਼ਾਹ ਮਿਲੇਗਾ ਅਤੇ ਖੇਡ ਢਾਂਚੇ ਨੂੰ ਵੀ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਨੇ ਪੰਜਾਬੀਆਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਰਾਹੀਂ “ਰੰਗਲਾ ਪੰਜਾਬ” ਨੂੰ ਮੁੜ ਤਿਆਰ ਕਰਨ ਲਈ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਟੂਰਨਾਮੈਂਟ ਨਹੀਂ, ਸਗੋਂ ਪੰਜਾਬ ਦੀ ਖੇਡ ਵਿਰਾਸਤ ਨੂੰ ਦੁਬਾਰਾ ਜਗਾਉਣ ਦਾ ਵੱਡਾ ਮੌਕਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਆਯੋਜਨ ਪੰਜਾਬ ਵਿੱਚ ਖੇਡ ਸਭਿਆਚਾਰ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।