menu-icon
Punjabi Story Line
  • Home
  • News
  • Punjab
  • Market Committee ਦਾ ਨਿਲਾਮੀ ਰਿਕਾਰਡਰ ਬਿਲ ਪਾਸ ਕਰਨ ਦੇ ਬਦਲੇ ਲੈਂਦਾ ਸੀ ਰਿਸ਼ਵਤ, 30 ਹਜ਼ਾਰ ਸਣੇ ਰੰਗੇ ਹੱਥੀਂ ਕਾਬੂ

Market Committee ਦਾ ਨਿਲਾਮੀ ਰਿਕਾਰਡਰ ਬਿਲ ਪਾਸ ਕਰਨ ਦੇ ਬਦਲੇ ਲੈਂਦਾ ਸੀ ਰਿਸ਼ਵਤ, 30 ਹਜ਼ਾਰ ਸਣੇ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟ੍ਰਕਸ਼ਨ ਸੁਸਾਇਟੀ ਲੁਧਿਆਣਾ ਦੇ ਸਕੱਤਰ ਸੋਨੂੰ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ।

Date Updated Last Updated : 07 February 2024, 08:01 PM IST
Share:

ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਨੇ ਮਾਰਕੀਟ ਕਮੇਟੀ ਲੁਧਿਆਣਾ ਦੇ ਨਿਲਾਮੀ ਰਿਕਾਰਡਰ ਹਰੀ ਰਾਮ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟ੍ਰਕਸ਼ਨ ਸੁਸਾਇਟੀ ਲੁਧਿਆਣਾ ਦੇ ਸਕੱਤਰ ਸੋਨੂੰ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ।

ਮੰਡੀਆਂ ਦੀ ਸਫਾਈ ਦਾ ਠੇਕਾ ਲੈਣ ਵਾਲੀ ਕੰਪਨੀ ਤੋਂ ਮੰਗਦਾ ਸੀ ਰਿਸ਼ਵਤ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਸਦੀ ਉਕਤ ਸੁਸਾਇਟੀ ਸ਼ਹਿਰ ਦੀਆਂ ਮੰਡੀਆਂ, ਮੱਛੀ ਮੰਡੀਆਂ ਆਦਿ ਦੀ ਸਫਾਈ ਦਾ ਠੇਕਾ ਲੈਂਦੀ ਸੀ। ਉਕਤ ਸੁਸਾਇਟੀ ਨੂੰ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ 01-04-2023 ਤੋਂ 31-03-2024 ਤੱਕ ਦੀ ਮਿਆਦ ਲਈ ਕਾਰਾਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜ਼ੀ ਮੰਡੀ ਦੀ ਸਫ਼ਾਈ ਦਾ ਠੇਕਾ ਅਲਾਟ ਕੀਤਾ। ਮਾਰਕੀਟ ਕਮੇਟੀ ਦਾ ਮੁਲਾਜ਼ਮ ਹਰੀ ਰਾਮ ਸੁਸਾਇਟੀ ਦੇ ਬਿੱਲ ਪਾਸ ਕਰਨ ਦੇ ਬਦਲੇ ਸੈਕਟਰੀ ਮਾਰਕੀਟ ਕਮੇਟੀ ਤੋਂ ਹਰ ਮਹੀਨੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗਦਾ ਸੀ। ਉਸ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਮੁਲਾਜ਼ਮ ਨਾਲ ਹੋਈ ਗੱਲਬਾਤ ਰਿਕਾਰਡ ਕਰਕੇ ਸਬੂਤ ਵਜੋਂ ਵਿਜੀਲੈਂਸ ਨੂੰ ਦੇ ਦਿੱਤੀ।

ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਕੀਤੀ ਜਾਵੇਗੀ ਜਾਂਚ 

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ 'ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਭਲਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

Recent News