ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਇੱਕ ਕਾਗਜ਼ ‘ਤੇ ਵੱਖ-ਵੱਖ ਪਾਰਟੀਆਂ ਦੀਆਂ ਸੰਭਾਵਿਤ ਸੀਟਾਂ ਲਿਖ ਦਿੱਤੀਆਂ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ BJP ਪੰਜਾਬ ਵਿੱਚ ਜਿੱਤ ਦਾ ਦਾਅਵਾ ਕਰ ਰਹੀ ਹੈ, ਤਾਂ ਉਨ੍ਹਾਂ ਕਿਹਾ ਕਿ BJP ਨੂੰ 2027 ਵਿੱਚ ਸਿਰਫ਼ 1 ਜਾਂ 2 ਸੀਟਾਂ ਹੀ ਮਿਲਣਗੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਸੀਟਾਂ ਪਠਾਨਕੋਟ ਵਾਲੇ ਇਲਾਕੇ ਤੋਂ ਹੋ ਸਕਦੀਆਂ ਹਨ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
CM ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਆਪਣਾ ਅੰਦਾਜ਼ਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 1 ਤੋਂ 9 ਸੀਟਾਂ ਮਿਲ ਸਕਦੀਆਂ ਹਨ, ਜਦਕਿ ਅਕਾਲੀ ਦਲ ਨੂੰ “ਜ਼ੀਰੋ” ਸੀਟਾਂ ਮਿਲਣਗੀਆਂ। ਮਾਨ ਨੇ ਕਾਗਜ਼ ‘ਤੇ ਦਸਤਖ਼ਤ ਕਰਦਿਆਂ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਇਸਦੀ ਚਰਚਾ ਕੀਤੀ ਜਾਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ AAP ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਤਾਂ ਉਨ੍ਹਾਂ ਹੱਸਦੇ ਹੋਏ ਕਿਹਾ ਕਿ “ਬਾਕੀ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਜਾਣਗੀਆਂ।”
ਭਗਵੰਤ ਮਾਨ ਨੇ ਇੰਟਰਵਿਊ ਦੌਰਾਨ BJP ‘ਤੇ ਤਿੱਖਾ ਹਮਲਾ ਵੀ ਕੀਤਾ। ਉਨ੍ਹਾਂ ਕਿਹਾ ਕਿ BJP ਹਮੇਸ਼ਾ ਪੰਜਾਬ ਵਿਰੋਧੀ ਰਹੀ ਹੈ। ਕਦੇ ਚੰਡੀਗੜ੍ਹ ਨੂੰ ਵੱਖ ਕਰਨ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਦੇ ਭਾਖੜਾ-ਨੰਗਲ ਦੇ ਪਾਣੀ ਨੂੰ ਲੈ ਕੇ ਵਿਵਾਦ ਖੜ੍ਹੇ ਕੀਤੇ ਜਾਂਦੇ ਹਨ। ਮਾਨ ਨੇ ਕਿਹਾ ਕਿ BJP ਲੋਕਾਂ ਵਿੱਚ ਜਾ ਕੇ ਦੇਖੇ ਕਿ ਪੰਜਾਬ ਦਾ ਮਾਹੌਲ ਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਮਿੱਟੀ ਵਿੱਚ ਨਫ਼ਰਤ ਦਾ ਬੀਜ ਨਹੀਂ ਉੱਗਦਾ ਅਤੇ ਲੋਕ ਭਾਈਚਾਰੇ ਨੂੰ ਤਰਜੀਹ ਦਿੰਦੇ ਹਨ।
CM ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਲੋਕ ਖੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ ਅਤੇ ਵਧੀਆ ਇਲਾਜ ਦੀ ਸਹੂਲਤ ਮਿਲ ਰਹੀ ਹੈ। ਮਾਨ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਜੀਵਨ ਵਿੱਚ ਸਿੱਧਾ ਅਸਰ ਪਾਇਆ ਹੈ ਅਤੇ ਇਸੇ ਕਰਕੇ ਲੋਕ ਦੁਬਾਰਾ AAP ‘ਤੇ ਭਰੋਸਾ ਕਰਨਗੇ। ਉਨ੍ਹਾਂ ਭਰੋਸਾ ਜਤਾਇਆ ਕਿ 2027 ਦੀਆਂ ਚੋਣਾਂ ਵਿੱਚ “ਪੰਜਾਬ ਸਾਡਾ ਦਿਲ ਨਹੀਂ ਤੋੜੇਗਾ” ਅਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਵੱਡੀ ਜਿੱਤ ਦਰਜ ਕਰੇਗੀ।