menu-icon
Punjabi Story Line
  • Home
  • News
  • Punjab
  • ਇਲੈਕਟ੍ਰੋਨਿਕਸ SHOWROOM ਦੀ ਟੁੱਟੀ ਲਿਫਟ, ਚੌਥੀ ਮੰਜ਼ਿਲ ਤੋਂ ਹੇਠਾਂ ਆ ਡਿੱਗੇ ਕਰਮਚਾਰੀ 

ਇਲੈਕਟ੍ਰੋਨਿਕਸ SHOWROOM ਦੀ ਟੁੱਟੀ ਲਿਫਟ, ਚੌਥੀ ਮੰਜ਼ਿਲ ਤੋਂ ਹੇਠਾਂ ਆ ਡਿੱਗੇ ਕਰਮਚਾਰੀ 

ਹਾਦਸੇ ਦੌਰਾਨ ਸ਼ੋਅ-ਰੂਮ 'ਚ ਹਫੜਾ-ਦਫੜੀ ਮਚ ਗਈ। ਜਖ਼ਮੀਆਂ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਇਮਾਰਤ ਦੇ ਨਿਰਮਾਣ ਉਪਰ ਵੀ ਸਵਾਲ ਉੱਠੇ ਹਨ। 

Date Updated Last Updated : 11 December 2023, 09:07 PM IST
Share:

ਖੰਨਾ ਦੇ ਮਲੇਰਕੋਟਲਾ ਰੋਡ 'ਤੇ ਨੇਹਾ ਇਲੈਕਟ੍ਰੋਨਿਕਸ ਨਾਮਕ ਸ਼ੋਅਰੂਮ ਦੀ ਲਿਫਟ ਟੁੱਟ ਗਈ। ਲਿਫਟ ਚੌਥੀ ਮੰਜ਼ਿਲ ਤੋਂ ਸਿੱਧੀ ਹੇਠਾਂ ਆ ਡਿੱਗੀ। ਇਸ ਵਿੱਚ ਦੋ ਕਰਮਚਾਰੀ ਸਨ, ਜੋ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਨੂੰ ਟਰੌਮਾ ਸੈਂਟਰ ਵਿਖੇ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਨਵਜੋਤ ਸਿੰਘ (20) ਵਾਸੀ ਰੋਹਣੋ ਖੁਰਦ ਅਤੇ ਗੁਰਬਖਸ਼ ਸਿੰਘ (22) ਵਾਸੀ ਬੈਂਕ ਕਲੋਨੀ ਖੰਨਾ ਵਜੋਂ ਹੋਈ। ਜਾਣਕਾਰੀ ਮੁਤਾਬਕ ਦੋਵੇਂ ਕਰਮਚਾਰੀ ਲਿਫਟ 'ਚ ਚੌਥੀ ਮੰਜ਼ਿਲ ਤੋਂ ਪੁਰਾਣੇ ਟੈਲੀਵਿਜ਼ਨ ਹੇਠਾਂ ਲਿਆ ਰਹੇ ਸਨ। ਅਚਾਨਕ ਲਿਫਟ ਟੁੱਟ ਗਈ। ਜਦੋਂ ਲਿਫਟ ਹੇਠਾਂ ਡਿੱਗੀ ਤਾਂ ਸ਼ੋਅਰੂਮ 'ਚ ਜ਼ਬਰਦਸਤ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਜਖਮੀਆਂ ਨੂੰ ਤੁਰੰਤ ਲਿਫਟ ਵਿੱਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਹਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਲਿਫਟ ਦੀ ਮੁਰੰਮਤ ਨਾ ਕਰਾਉਣ ਦਾ ਦੋਸ਼

ਨਵਜੋਤ ਸਿੰਘ ਦੇ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਕਰਮਚਾਰੀਆਂ ਅਨੁਸਾਰ ਇਸਤੋਂ ਪਹਿਲਾਂ ਵੀ ਲਿਫਟ ਖ਼ਰਾਬ ਹੋ ਗਈ ਸੀ। ਜਿਸ ਸਬੰਧੀ ਕਈ ਵਾਰ ਮਾਲਕ ਨੂੰ ਦੱਸਿਆ ਗਿਆ ਸੀ। ਪਰ ਲਿਫਟ ਦੀ ਮੁਰੰਮਤ ਨਹੀਂ ਕੀਤੀ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਰਮਚਾਰੀਆਂ ਦੀ ਜਾਨ ਵੀ ਜਾ ਸਕਦੀ ਸੀ। ਬੈਨੀਪਾਲ ਨੇ ਕਰਮਚਾਰੀਆਂ ’ਤੇ ਇਲਾਜ ’ਚ ਦੇਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ। ਮਾਲਕ ਆਪਣੇ ਪੱਧਰ ’ਤੇ ਪ੍ਰਾਈਵੇਟ ਹਸਪਤਾਲ ਲੈ ਗਏ। ਅਖੀਰ ਜਦੋਂ ਦੇਖਿਆ ਕਿ ਹਾਲਤ ਗੰਭੀਰ ਹੈ ਤਾਂ ਪਰਿਵਾਰ ਨੂੰ ਬੁਲਾਇਆ ਗਿਆ। ਹੁਣ ਉਨ੍ਹਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।

ਇਮਾਰਤ ਦੀ ਉਸਾਰੀ 'ਤੇ ਉੱਠੇ ਸਵਾਲ

ਦੂਜੇ ਪਾਸੇ ਮਲੇਰਕੋਟਲਾ ਰੋਡ ’ਤੇ ਚਾਰ ਮੰਜ਼ਿਲਾ ਇਮਾਰਤ ਦੀ ਉਸਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਸਮਾਜ ਸੇਵੀ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਸਬੰਧੀ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਉਸਾਰੀ ਦੌਰਾਨ ਬਿਲਡਿੰਗ ਐਕਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਨਗਰ ਕੌਂਸਲ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲੈਕਟ੍ਰੋਨਿਕਸ ਸ਼ੋਅ ਰੂਮ ਮਾਲਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਹਾਦਸਾ ਕਿਵੇਂ ਵਾਪਰਿਆ। ਲਿਫਟ ਦੀ ਮੋਟਰ ਜੋ ਛੇ ਮਹੀਨੇ ਪਹਿਲਾਂ ਖਰਾਬ ਹੋ ਗਈ ਸੀ, ਨੂੰ ਬਦਲ ਦਿੱਤਾ ਗਿਆ ਸੀ। ਇਸ ਵਾਰ ਅਚਾਨਕ ਹਾਦਸਾ ਵਾਪਰ ਗਿਆ। ਉਹ ਜ਼ਖਮੀਆਂ ਦੇ ਨਾਲ ਹਨ।

Recent News