Courtesy: file photo
ਪੰਜਾਬ ਰਾਜ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਡੀ.ਉ ਲੈਟਰ ਲਿਖਿਆ ਹੈ। ਗੜ੍ਹੀ ਨੇ ਲਿਖਿਆ ਕਿ ਫਿਲੌਰ ਤਹਿਸੀਲ ਦੇ ਪਿੰਡ ਨੰਗਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਉੱਤੇ ਦੇਸ਼ ਵਿਰੋਧੀ ਨਾਰੇ ਲਿਖੇ ਗਏ ਸਨ। ਜਿਸਦੀ ਜਿੰਮੇਵਾਰੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਕਰਕੇ ਲਈ ਗਈ ਹੈ। ਇਸਦੇ ਮੱਦੇਨਜ਼ਰ ਗੁਰਪਤਵੰਤ ਪੰਨੂੰ ਖ਼ਿਲਾਫ਼ ਐਸ.ਸੀ/ਐਸ.ਟੀ ਐਕਟ 1989 ਅਧੀਨ ਅਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਗੁਰਪਤਵੰਤ ਪੰਨੂੰ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਂਦਿਆ ਭਾਰਤੀ ਕੇਂਦਰੀ ਏਜੰਸੀਆ ਰਾਹੀਂ ਉਸ ਨੂੰ ਭਾਰਤ ਲਿਆਂਦਾ ਜਾਵੇ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਬਣਦੀ ਮਿਸਾਲੀ ਸਜਾ ਦਿਵਾਈ ਜਾਵੇ।
ਇਸਦੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਵੱਖ ਵੱਖ ਥਾਵਾਂ ਤੇ ਸਥਿਤ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਜੀ ਦੇ ਬੁੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਦਿਆ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਲਈ ਵੀ ਲਿਖਿਆ ਤਾਂ ਜੋ ਭਵਿੱਖ ਵਿੱਚ ਕੋਈ ਵੀ ਗੈਰ-ਸਮਾਜੀ ਅਨਸਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਲਿਖਿਆ ਕਿ ਪੰਜਾਬ ਵਿੱਚ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁਚਣ ਦਾ ਖ਼ਤਰਾ ਹੈ। ਜਿਸ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਤੇ ਸਮਾਜਿਕ ਨੁਕਸਾਨ ਹੋ ਸਕਦਾ ਹੈ।