ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਟਰਾਂਸਪੋਰਟ ਅਥਾਰਟੀ ਵੱਲੋਂ ਰਜਿਸਟਰਡ ਸਾਰੀਆਂ ਸਕੂਲੀ ਬੱਸਾਂ ਨੂੰ ਹੁਣ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਇਸ 'ਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ 'ਤੇ ਸਿਰਫ ਇਕ ਬਟਨ ਦਬਾਉਣਾ ਹੋਵੇਗਾ। ਇਸ ਤੋਂ ਬਾਅਦ ਇਹ ਸੂਚਨਾ ਪੁਲਿਸ ਅਤੇ ਕਮਾਂਡ ਸੈਂਟਰ ਤੱਕ ਪਹੁੰਚੇਗੀ। ਹੈਲਪਲਾਈਨ ਟੀਮ ਜੀਪੀਐਸ ਟਰੈਕਿੰਗ ਰਾਹੀਂ ਉਸ ਬੱਸ ਤੱਕ ਪਹੁੰਚੇਗੀ। ਜਿੱਥੋਂ ਇਹ ਬਟਨ ਦਬਾਇਆ ਗਿਆ ਹੋਵੇਗਾ।
ਮਹਿਲਾ ਅਟੈਂਡੈਂਟ ਦੀ ਵਿਵਸਥਾ
ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਲਈ ਪਹਿਲਾਂ ਹੀ ਕਈ ਉਪਰਾਲੇ ਕੀਤੇ ਹਨ। ਇਸ ਤਹਿਤ ਸਕੂਲੀ ਬੱਸਾਂ ਵਿੱਚ ਸਫ਼ਰ ਕਰਨ ਦੌਰਾਨ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੁਰਸ਼ਾਂ ਦੇ ਨਾਲ ਇੱਕ ਮਹਿਲਾ ਅਟੈਂਡੈਂਟ ਦੀ ਨਿਯੁਕਤੀ ਕੀਤੀ ਗਈ ਹੈ। ਸਕੂਲ ਬੱਸ ਵਿੱਚ ਡਰਾਈਵਰ ਅਤੇ ਦੋ ਸੇਵਾਦਾਰਾਂ ਦਾ ਹੋਣਾ ਲਾਜ਼ਮੀ ਸੀ, ਜਿਸ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਸੀ। ਹੁਣ ਅਟੈਂਡੈਂਟ ਤੋਂ ਇਲਾਵਾ ਪੈਨਿਕ ਬਟਨ ਦਾ ਵੀ ਵੱਖਰਾ ਵਿਕਲਪ ਹੋਵੇਗਾ।
540 ਸਕੂਲੀ ਬੱਸਾਂ ਵਿੱਚ ਪੈਨਿਕ ਬਟਨ
ਇਸ ਸਬੰਧੀ ਸਟੇਟ ਟਰਾਂਸਪੋਰਟ ਚੰਡੀਗੜ੍ਹ ਦੇ ਸਕੱਤਰ ਰੁਪੇਸ਼ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਚੰਡੀਗੜ੍ਹ ਦੇ ਕਰੀਬ 83 ਸਕੂਲਾਂ ਵਿੱਚ 540 ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਸਾਰਿਆਂ ਵਿੱਚ ਪੈਨਿਕ ਬਟਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸ਼ਹਿਰ ਦੇ ਬੱਚਿਆਂ ਨੂੰ ਸਫ਼ਰ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਟਨ ਦਬਾਉਂਦੇ ਹੀ ਸੂਚਨਾ ਕੰਟਰੋਲ ਕੇਂਦਰ ਤੱਕ ਪਹੁੰਚ ਜਾਵੇਗੀ ਅਤੇ ਇਸ ਪ੍ਰਬੰਧ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੀ ਟੀਮ ਬੱਚਿਆਂ ਦੀ ਮਦਦ ਲਈ ਮੌਕੇ ’ਤੇ ਪਹੁੰਚ ਜਾਵੇਗੀ।