ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾ ਰਹੀ 1200 ਯਾਤਰੀਆਂ ਨਾਲ ਭਰੀ ਟ੍ਰੇਨ ਨਾਲ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇੱਕ ਭਿਆਨਕ ਹਾਦਸਾ ਵਾਪਰਨ ਤੋਂ ਰਹਿ ਗਿਆ। ਟ੍ਰੇਨ ਦੇ ਇੱਕ ਸਲੀਪਰ ਕੋਚ ਦਾ ਟਾਇਲਟ ਅਚਾਨਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਨਾਲ ਟੁੱਟ ਗਿਆ, ਜਿਸ ਕਾਰਨ ਉਹ ਡੱਬਾ ਗੁਆਂਢੀ ਡੱਬੇ ਤੋਂ ਵੱਖ ਹੋ ਗਿਆ। ਇਸ ਭਿਆਨਕ ਆਵਾਜ਼ ਨਾਲ ਯਾਤਰੀਆਂ ਵਿੱਚ ਖਲਬਲੀ ਮੱਚ ਗਈ ਅਤੇ ਉਹ ਜਾਨ ਬਚਾ ਕੇ ਬਾਹਰ ਨਿਕਲ ਆਏ।
ਕਿਸਮਤ ਚੰਗੀ ਸੀ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਟ੍ਰੇਨ ਲੁਧਿਆਣਾ ਤੋਂ ਰਵਾਨਾ ਹੋਣ ਤੋਂ ਬਾਅਦ ਹੌਲੀ ਰਫ਼ਤਾਰ ਵਿੱਚ ਸੀ। ਜੇਕਰ ਟ੍ਰੇਨ ਪੂਰੀ ਸਪੀਡ ’ਤੇ ਹੁੰਦੀ, ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਧਾਮ ਲਈ ਚੱਲਣ ਵਾਲੀ ਸਪੈਸ਼ਲ ਟ੍ਰੇਨ (04081) ਅੱਜ ਸਵੇਰੇ ਕਰੀਬ ਢਾਈ ਵਜੇ ਰਵਾਨਾ ਹੋਈ ਸੀ। ਸਵੇਰੇ 8.47 ਵਜੇ ਇਹ ਲੁਧਿਆਣਾ ਸਟੇਸ਼ਨ ਪਹੁੰਚੀ।
ਪੰਜਾਬ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਕਾਰਨ ਪਹਿਲਾਂ ਹੀ ਉੱਚ ਸੁਰੱਖਿਆ ਪੱਧਰ ’ਤੇ ਤਾਇਨਾਤ ਪੁਲਿਸ ਨੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਾਈ ਅਲਰਟ ਜਾਰੀ ਕਰ ਦਿੱਤੀ। ਰੇਲਵੇ ਅਧਿਕਾਰੀ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ। ਲੁਧਿਆਣਾ ਦੇ ਏ.ਡੀ.ਸੀ.ਪੀ. ਸਮੀਰ ਵਰਮਾ ਨੇ ਮੁੱਢਲੀ ਜਾਂਖ ਪਿੱਛੋਂ ਦੱਸਿਆ ਕਿ ਦੋ ਡੱਬਿਆਂ ਨੂੰ ਜੋੜਨ ਵਾਲਾ ਕਪਲਰ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਇਸ ਨੂੰ ਕੋਈ ਧਮਾਕਾ ਜਾਂ ਬਲਾਸਟ ਨਾ ਹੋਣ ਦੀ ਗੱਲ ਆਖੀ।
ਫਿਰੋਜ਼ਪੁਰ ਡਵੀਜ਼ਨ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਰੇਲ ਡੱਬੇ ਦੀ ਉਮਰ 25 ਸਾਲ ਹੁੰਦੀ ਹੈ, ਜਦਕਿ ਜਿਹੜਾ ਡੱਬਾ ਟੁੱਟਿਆ ਹੈ ਉਸ ਨੂੰ ਸਿਰਫ਼ 15 ਸਾਲ ਹੀ ਪੂਰੇ ਹੋਏ ਹਨ। ਉਨ੍ਹਾਂ ਪੱਕੇ ਤੌਰ ’ਤੇ ਜਾਂਚ ਦਾ ਭਰੋਸਾ ਦਿੱਤਾ।
ਟ੍ਰੇਨ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਇਹ ਡੱਬਾ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੀ ਜੋੜਿਆ ਗਿਆ ਸੀ। ਪੁਰਾਣੇ ਹੋਣ ਕਾਰਨ ਇਸ ਡੱਬੇ ਵਿੱਚ ਕਿਸੇ ਖਰਾਬੀ ਦਾ ਸ਼ੱਕ ਉਨ੍ਹਾਂ ਨੂੰ ਪਹਿਲਾਂ ਹੀ ਸੀ। ਫਿਲਹਾਲ ਟ੍ਰੇਨ ਵਿੱਚ ਨਵੇਂ ਡੱਬੇ ਜੋੜ ਕੇ ਉਸਨੂੰ ਮੁੜ ਰਵਾਨਾ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।