menu-icon
Punjabi Story Line
  • Home
  • News
  • Punjab
  • ਪੰਜਾਬ 'ਚ 1,116 ਕਰੋੜ ਦੇ ਅਤਿ-ਆਧੁਨਿਕ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ, 500 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ

ਪੰਜਾਬ 'ਚ 1,116 ਕਰੋੜ ਦੇ ਅਤਿ-ਆਧੁਨਿਕ ਫੋਰਜਿੰਗ ਪਲਾਂਟ ਦਾ ਨੀਂਹ ਪੱਥਰ, 500 ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ

ਕੰਪਨੀਆਂ ਵੱਲੋਂ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਨਿਵੇਸ਼ ਨੂੰ 500 ਕਰੋੜ ਰੁਪਏ ਦੇ ਸ਼ੁਰੂਆਤੀ ਸਮਝੌਤੇ ਤੋਂ ਵਧਾ ਕੇ 1,116 ਕਰੋੜ ਰੁਪਏ ਕੀਤਾ ਗਿਆ ਹੈ, ਜੋ ਰਾਜ ਦੀਆਂ ਉਦਯੋਗ-ਅਨੁਕੂਲ ਨੀਤੀਆਂ ਵਿੱਚ ਵਧ ਰਹੇ ਵਿਸ਼ਵਵਿਆਪੀ ਭਰੋਸੇ ਨੂੰ ਦਰਸਾਉਂਦਾ ਹੈ। ਇਹ ਪਲਾਂਟ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਈਲ ਪਾਰਟਸ ਦਾ ਨਿਰਮਾਣ ਕਰੇਗਾ, ਜਦੋਂ ਕਿ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ 'ਸਿੰਗਲ-ਵਿੰਡੋ, ਸਿੰਗਲ-ਪੈੱਨ' ਪ੍ਰਣਾਲੀ ਰਾਹੀਂ 45 ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਨੂੰ ਯਕੀਨੀ ਬਣਾਉਂਦੀ ਹੈ।

Date Updated Last Updated : 27 July 2026, 09:23 PM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਦੀ ਆਈਚੀ ਸਟੀਲ ਦੀ ਭਾਗੀਦਾਰੀ ਨਾਲ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਸਥਾਪਿਤ ਕੀਤੇ ਜਾ ਰਹੇ ਦੇਸ਼ ਦੇ ਆਪਣੀ ਕਿਸਮ ਦੇ ਪਹਿਲੇ 1,116 ਕਰੋੜ ਰੁਪਏ ਦੇ ਫੋਰਜਿੰਗ ਅਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਨੂੰ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਦਿਸ਼ਾ ਵਿੱਚ ਵੱਡਾ ਉਤਸ਼ਾਹ ਦੱਸਿਆ। ਇਹ ਪ੍ਰੋਜੈਕਟ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਵਰਧਮਾਨ-ਆਈਚੀ ਦੇ ਪ੍ਰੋਜੈਕਟ ਦੇ ਭਵਿੱਖ ਦੇ ਵਿਸਥਾਰ ਨਾਲ ਹੋਰ 2,000 ਲੋਕਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋ ਸਕਦੇ ਹਨ।

500 ਕਰੋੜ ਦਾ ਸਮਝੌਤਾ ਵਧ ਕੇ 1116 ਕਰੋੜ 'ਤੇ, ਵਿਸ਼ਵ ਭਰੋਸੇ ਦੀ ਨਿਸ਼ਾਨੀ

ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਨੂੰ ਦੇਖਦਿਆਂ ਨਿਵੇਸ਼ ਨੂੰ 500 ਕਰੋੜ ਰੁਪਏ ਦੇ ਸ਼ੁਰੂਆਤੀ ਸਮਝੌਤੇ ਤੋਂ ਵਧਾ ਕੇ 1,116 ਕਰੋੜ ਰੁਪਏ ਕੀਤਾ ਗਿਆ ਹੈ, ਜੋ ਰਾਜ ਦੀਆਂ ਉਦਯੋਗ-ਅਨੁਕੂਲ ਨੀਤੀਆਂ ਵਿੱਚ ਵਧ ਰਹੇ ਵਿਸ਼ਵਵਿਆਪੀ ਭਰੋਸੇ ਨੂੰ ਦਰਸਾਉਂਦਾ ਹੈ। ਇਹ ਪਲਾਂਟ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਈਲ ਪਾਰਟਸ ਦਾ ਨਿਰਮਾਣ ਕਰੇਗਾ, ਜਦੋਂ ਕਿ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ 'ਸਿੰਗਲ-ਵਿੰਡੋ, ਸਿੰਗਲ-ਪੈੱਨ' ਪ੍ਰਣਾਲੀ ਰਾਹੀਂ 45 ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਨੂੰ ਯਕੀਨੀ ਬਣਾਉਂਦੀ ਹੈ।

‘ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਖੇਤਰ ਲਈ ਨਵੇਂ ਯੁੱਗ ਦੀ ਸ਼ੁਰੂਆਤ’ : ਮਾਨ

ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਖੇਤਰ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਰਾਜ ਦੇ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਦੇ ਨਾਲ-ਨਾਲ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ। ਵਰਧਮਾਨ ਨਾ ਸਿਰਫ਼ ਅਗ੍ਰਣੀ ਉਦਯੋਗਿਕ ਸਮੂਹ ਹੈ, ਸਗੋਂ ਪੰਜਾਬ ਦੀ ਵਿਕਾਸ ਗਾਥਾ ਦਾ ਮਹੱਤਵਪੂਰਨ ਹਿੱਸਾ ਵੀ ਹੈ, ਜੋ ਲਗਭਗ ਚਾਰ ਦਹਾਕਿਆਂ ਤੋਂ ਰਾਜ ਵਿੱਚ ਕੰਮ ਕਰ ਰਿਹਾ ਹੈ। ਵਰਧਮਾਨ ਅਤੇ ਆਈਚੀ ਸਟੀਲ ਵਿਚਕਾਰ ਭਾਗੀਦਾਰੀ ਭਰੋਸੇ, ਤਕਨਾਲੋਜੀ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ 'ਤੇ ਅਧਾਰਤ ਹੈ।”

ਦਸੰਬਰ 2025 'ਚ ਜਾਪਾਨ 'ਚ ਹੋਇਆ ਸਮਝੌਤਾ, ਕੁਝ ਮਹੀਨਿਆਂ 'ਚ ਧਰਤੀ 'ਤੇ

ਮੁੱਖ ਮੰਤਰੀ ਨੇ ਕਿਹਾ, “ਆਈਚੀ ਸਟੀਲ ਮਾਨਤਾ ਪ੍ਰਾਪਤ ਜਾਪਾਨੀ ਕੰਪਨੀ ਹੈ ਅਤੇ ਟੋਇਟਾ ਗਰੁੱਪ ਦੀ ਮਹੱਤਵਪੂਰਨ ਸਪਲਾਇਰ ਹੈ। ਦਸੰਬਰ 2025 ਵਿੱਚ ਸਾਡੀ ਜਾਪਾਨ ਯਾਤਰਾ ਦੌਰਾਨ ਅਸੀਂ ਨਾਗੋਯਾ ਵਿੱਚ ਆਈਚੀ ਸਟੀਲ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਵਰਧਮਾਨ ਅਤੇ ਆਈਚੀ ਸਟੀਲ ਨੇ ਪੰਜਾਬ ਵਿੱਚ ਲਗਭਗ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਮੈਨੂਫੈਕਚਰਿੰਗ ਸਹੂਲਤ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਲਈ ਸਮਝੌਤਾ ਕੀਤਾ ਸੀ। ਅੱਜ ਕੁਝ ਹੀ ਮਹੀਨਿਆਂ ਦੇ ਅੰਦਰ ਇਸ ਸਮਝੌਤੇ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਹੈ। ਇਹ ਨੀਤੀ ਨੂੰ ਅਮਲ ਵਿੱਚ ਲਿਆਉਣ ਅਤੇ ਵਚਨਬੱਧਤਾ ਨੂੰ ਹਕੀਕਤ ਵਿੱਚ ਬਦਲਣ ਦਾ ਪ੍ਰਤੱਖ ਪ੍ਰਮਾਣ ਹੈ। ਦੋ ਪੜਾਵਾਂ ਵਿੱਚ ਲਗਭਗ 1,100 ਕਰੋੜ ਰੁਪਏ ਦਾ ਯੋਜਨਾਬੱਧ ਨਿਵੇਸ਼ ਕੀਤਾ ਜਾਣਾ ਹੈ।”

 ਜਾਪਾਨੀ ਫੋਰਜਿੰਗ ਤਕਨਾਲੋਜੀ ਨਾਲ ਯੂਰਪ, ਅਫ਼ਰੀਕਾ, ਮੈਕਸੀਕੋ ਨੂੰ ਨਿਰਯਾਤ

ਪ੍ਰੋਜੈਕਟ ਦੀ ਮਹੱਤਤਾ 'ਤੇ ਰੌਸ਼ਨੀ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਪ੍ਰੋਜੈਕਟ ਪੰਜਾਬ ਵਿੱਚ ਜਾਪਾਨੀ ਆਧੁਨਿਕ ਫੋਰਜਿੰਗ ਤਕਨਾਲੋਜੀ ਲਿਆਵੇਗਾ ਅਤੇ ਭਾਰਤ ਦੇ ਨਾਲ-ਨਾਲ ਯੂਰਪ, ਆਸੀਆਨ ਦੇਸ਼ਾਂ, ਅਫਰੀਕਾ ਅਤੇ ਮੈਕਸੀਕੋ ਦੇ ਬਾਜ਼ਾਰਾਂ ਲਈ ਉੱਚ-ਮੁੱਲ ਵਾਲੇ ਆਟੋਮੋਬਾਈਲ ਪਾਰਟਸ ਦਾ ਨਿਰਮਾਣ ਕਰੇਗਾ। ਪੰਜਾਬ ਨਾ ਸਿਰਫ਼ ਵਿਸ਼ੇਸ਼ ਸਟੀਲ ਦਾ ਉਤਪਾਦਨ ਕਰੇਗਾ ਸਗੋਂ ਤਿਆਰ ਪਾਰਟਸ ਦਾ ਨਿਰਮਾਣ ਵੀ ਕਰੇਗਾ। ਇਹ ਬੁਨਿਆਦੀ ਨਿਰਮਾਣ ਤੋਂ ਉੱਚ-ਮੁੱਲ ਵਾਲੇ ਨਿਰਮਾਣ ਵੱਲ ਮਹੱਤਵਪੂਰਨ ਤਬਦੀਲੀ ਹੈ ਅਤੇ ਇੰਜੀਨੀਅਰਿੰਗ, ਆਟੋਮੋਬਾਈਲ ਪਾਰਟਸ ਅਤੇ ਐਡਵਾਂਸਡ ਮੈਨੂਫੈਕਚਰਿੰਗ ਦੇ ਮੁੱਖ ਕੇਂਦਰ ਵਜੋਂ ਲੁਧਿਆਣਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।”

'ਪੰਜਾਬ ਇੰਡਸਟਰੀਅਲ ਪਾਲਿਸੀ 2026' ਦੇ ਤਹਿਤ 24 ਖੇਤਰੀ ਨੀਤੀਆਂ

ਰਾਜ ਦੇ ਉਦਯੋਗਿਕ ਢਾਂਚੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਨਿਵੇਸ਼ ਪੰਜਾਬ ਦੇ ਹੁਨਰਮੰਦ ਮਜ਼ਦੂਰਾਂ, ਕੰਮ ਦੇ ਸੱਭਿਆਚਾਰ ਅਤੇ ਉਦਯੋਗਿਕ ਸਮਰੱਥਾ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਦੇ ਭਰੋਸੇ ਨੂੰ ਦਰਸਾਉਂਦਾ ਹੈ। 'ਪੰਜਾਬ ਇੰਡਸਟਰੀਅਲ ਐਂਡ ਟ੍ਰੇਡ ਡਿਵੈਲਪਮੈਂਟ ਪਾਲਿਸੀ 2026' 24 ਖੇਤਰੀ ਨੀਤੀਆਂ ਰਾਹੀਂ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਐਡਵਾਂਸਡ ਮੈਨੂਫੈਕਚਰਿੰਗ, ਨਿਰਯਾਤ, ਤਕਨਾਲੋਜੀ, ਰੁਜ਼ਗਾਰ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪ੍ਰੋਜੈਕਟਾਂ ਦੌਰਾਨ ਸਪੱਸ਼ਟ ਨੀਤੀਆਂ, ਤੁਰੰਤ ਫੈਸਲੇ ਅਤੇ ਪੂਰਾ ਸਹਿਯੋਗ ਮਿਲਣਾ ਚਾਹੀਦਾ ਹੈ।”

‘ਸਿੰਗਲ ਵਿੰਡੋ-ਸਿੰਗਲ ਪੈੱਨ’ ਸਿਸਟਮ, 45 ਦਿਨਾਂ 'ਚ ਲਾਜ਼ਮੀ ਮਨਜ਼ੂਰੀ

ਉਨ੍ਹਾਂ ਦੱਸਿਆ, “ਪੰਜਾਬ ਨੇ ਵਨ-ਆਫਿਸ, ਵਨ ਪੋਰਟਲ, 'ਸਿੰਗਲ ਵਿੰਡੋ-ਸਿੰਗਲ ਪੈੱਨ' ਅਤੇ ਸਿੰਗਲ-ਪਾਇੰਟ ਰਿਸਪਾਂਸਿਬਿਲਿਟੀ ਦੀ ਇੱਕ ਵਿਸ਼ੇਸ਼ ਪ੍ਰਣਾਲੀ ਸਥਾਪਤ ਕੀਤੀ ਹੈ। 'ਇਨਵੈਸਟ ਪੰਜਾਬ' ਸ਼ੁਰੂਆਤ ਤੋਂ ਲੈ ਕੇ ਮਨਜ਼ੂਰੀਆਂ, ਉਸਾਰੀ, ਉਤਪਾਦਨ ਅਤੇ ਭਵਿੱਖ ਦੇ ਵਿਸਥਾਰ ਤੱਕ ਨਿਵੇਸ਼ਕਾਂ ਲਈ ਸੰਪਰਕ ਦਾ ਇੱਕੋ-ਇੱਕ ਕੇਂਦਰ ਵਜੋਂ ਕੰਮ ਕਰਦਾ ਹੈ। 'ਫਾਸਟ ਟਰੈਕ ਪੰਜਾਬ ਪੋਰਟਲ' ਰਾਹੀਂ ਨਿਵੇਸ਼ਕ ਆਨਲਾਈਨ ਅਰਜ਼ੀ ਦੇ ਸਕਦੇ ਹਨ, ਫੀਸ ਦਾ ਭੁਗਤਾਨ ਕਰ ਸਕਦੇ ਹਨ ਅਤੇ ਮਨਜ਼ੂਰੀਆਂ ਦੀ ਸਥਿਤੀ ਦੇਖ ਸਕਦੇ ਹਨ। ਇਹ ਪੋਰਟਲ 200 ਤੋਂ ਵੱਧ ਕਾਰੋਬਾਰੀ ਸੇਵਾਵਾਂ ਅਤੇ ਲਗਭਗ 50 ਮੁੱਖ ਰੈਗੂਲੇਟਰੀ ਮਨਜ਼ੂਰੀਆਂ ਪ੍ਰਦਾਨ ਕਰਦਾ ਹੈ।”

 'ਇਨਵੈਸਟ ਪੰਜਾਬ' ਪੋਰਟਲ 'ਤੇ 200 ਤੋਂ ਵੱਧ ਸੇਵਾਵਾਂ, ਔਟੋ-ਡੀਮਡ ਮਨਜ਼ੂਰੀ ਦਾ ਪ੍ਰਬੰਧ

ਕਾਰੋਬਾਰ ਕਰਨ ਦੀ ਸੌਖ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਮਨਜ਼ੂਰੀਆਂ ਨਿਰਧਾਰਤ ਸਮੇਂ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਅਰਜ਼ੀਆਂ 'ਤੇ ਵੱਧ ਤੋਂ ਵੱਧ 45 ਕਾਰਜ ਦਿਨਾਂ ਦੇ ਅੰਦਰ ਫੈਸਲਾ ਕੀਤਾ ਜਾਂਦਾ ਹੈ। ਜਿੱਥੇ ਕਿਤੇ 'ਸਿੰਗਲ ਵਿੰਡੋ-ਸਿੰਗਲ ਪੈੱਨ' ਸਿਸਟਮ ਲਾਗੂ ਹੁੰਦਾ ਹੈ, ਉੱਥੇ ਆਟੋ-ਡੀਮਡ ਮਨਜ਼ੂਰੀ ਦਾ ਪ੍ਰਬੰਧ ਹੁੰਦਾ ਹੈ। ਸਾਡਾ ਉਦੇਸ਼ ਅਣਜ਼ਰੂਰੀ ਦੇਰੀ ਨੂੰ ਖਤਮ ਕਰਨਾ ਅਤੇ ਪ੍ਰਸ਼ਾਸਨ ਨੂੰ ਪਾਰਦਰਸ਼ੀ ਤੇ ਜਵਾਬਦੇਹ ਬਣਾਉਣਾ ਹੈ।

 ਪੰਜਾਬ ਵਿੱਚ 1.78 ਲੱਖ ਕਰੋੜ ਰੁਪਏ ਦਾ ਨਿਵੇਸ਼, 6 ਲੱਖ ਲੋਕਾਂ ਨੂੰ ਰੁਜ਼ਗਾਰ

ਪੰਜਾਬ ਪਹਿਲਾਂ ਹੀ ਲਗਭਗ 1.78 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰ ਚੁੱਕਾ ਹੈ, ਜਿਸ ਨਾਲ ਲਗਭਗ ਛੇ ਲੱਖ ਲੋਕਾਂ ਲਈ ਰੁਜ਼ਗਾਰ ਪੈਦਾ ਹੋਵੇਗਾ। ਇਹ ਨਿਵੇਸ਼ ਉਦਯੋਗਪਤੀਆਂ ਦੇ ਪੰਜਾਬ ਪ੍ਰਤੀ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਵੀ ਉਦਯੋਗਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।”

ਜਾਪਾਨ ਦੌਰਾ ਸਿਰਫ਼ ਯਾਤਰਾ ਨਹੀਂ, ਨਿਵੇਸ਼ ਲਿਆਉਣ ਦਾ ਮਿਸ਼ਨ ਸੀ : ਮਾਨ

ਜਾਪਾਨ ਵਿੱਚ ਰਾਜ ਸਰਕਾਰ ਦੀਆਂ ਗਤੀਵਿਧੀਆਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਡਾ ਜਾਪਾਨ ਦੌਰਾ ਮਹਿਜ਼ ਇੱਕ ਵਿਦੇਸ਼ੀ ਦੌਰਾ ਨਹੀਂ ਸੀ, ਸਗੋਂ ਇਸ ਦਾ ਉਦੇਸ਼ ਪੰਜਾਬ ਵਿੱਚ ਨਿਵੇਸ਼, ਤਕਨਾਲੋਜੀ, ਹੁਨਰ ਅਤੇ ਵਿਸ਼ਵਵਿਆਪੀ ਮੌਕੇ ਆਕਰਸ਼ਿਤ ਕਰਨਾ ਸੀ। ਅਸੀਂ ਟੋਕੀਓ, ਨਾਗੋਯਾ ਅਤੇ ਓਸਾਕਾ ਵਿੱਚ ਪ੍ਰਮੁੱਖ ਜਾਪਾਨੀ ਕੰਪਨੀਆਂ ਅਤੇ ਸੰਸਥਾਵਾਂ ਨਾਲ ਗੱਲਬਾਤ ਕੀਤੀ ਅਤੇ ਅੱਜ ਦਾ ਇਹ ਪ੍ਰੋਜੈਕਟ ਉਸ ਮਿਸ਼ਨ ਦੇ ਸਭ ਤੋਂ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਹੈ। ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਸਮੇਂ 'ਤੇ ਪੂਰਾ ਕਰਨ ਲਈ ਵਰਧਮਾਨ ਅਤੇ ਆਈਚੀ ਸਟੀਲ ਨੂੰ ਪੂਰਾ ਸਹਿਯੋਗ ਦੇਵੇਗੀ।”

ਪਹਿਲਾਂ ਉਦਯੋਗ ਭੱਜਦੇ ਸਨ, ਹੁਣ ਪੰਜਾਬ ਵੱਲ ਰੁਖ਼ ਕਰ ਰਹੇ : ਮੁੱਖ ਮੰਤਰੀ

ਪੰਜਾਬ ਦੇ ਉਦਯੋਗਿਕ ਮਾਹੌਲ ਵਿੱਚ ਆਈ ਪ੍ਰਗਤੀਸ਼ੀਲ ਤਬਦੀਲੀ 'ਤੇ ਰੌਸ਼ਨੀ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਰਾਜ ਸਰਕਾਰ ਦੀਆਂ ਉਦਯੋਗ-ਅਨੁਕੂਲ ਨੀਤੀਆਂ ਦੇ ਕਾਰਨ ਪਿਛਲੇ ਚਾਰ ਵਰ੍ਹਿਆਂ ਦੌਰਾਨ ਦੂਜੇ ਰਾਜਾਂ ਤੋਂ ਕਈ ਉਦਯੋਗਾਂ ਨੇ ਆਪਣਾ ਕਾਰੋਬਾਰ ਪੰਜਾਬ ਵਿੱਚ ਤਬਦੀਲ ਕੀਤਾ ਹੈ। ਸਾਨੂੰ ਇੱਕ ਅਜਿਹਾ ਸਿਸਟਮ ਵਿਰਾਸਤ ਵਿੱਚ ਮਿਲਿਆ ਸੀ ਜਿੱਥੇ ਪਿਛਲੀਆਂ ਸਰਕਾਰਾਂ ਦੇ ਸਮੇਂ ਫਿਰੌਤੀ ਅਤੇ ਹਿੱਸੇਦਾਰੀ ਸਿਸਟਮ ਤੋਂ ਤੰਗ ਆ ਕੇ ਉਦਯੋਗ ਪੰਜਾਬ ਤੋਂ ਭੱਜ ਰਹੇ ਸਨ। ਨਿਰੰਤਰ ਯਤਨਾਂ ਰਾਹੀਂ ਅਸੀਂ ਉਦਯੋਗਾਂ ਦਾ ਭਰੋਸਾ ਬਹਾਲ ਕੀਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਅਗ੍ਰਣੀ ਬਣਾਇਆ ਹੈ।”

 ਟਾਟਾ ਸਟੀਲ, ਨੇਸਲੇ, ਕਾਰਗਿਲ, ਡੈਨੋਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਕਰ ਰਹੀਆਂ ਕੰਮ

ਮੁੱਖ ਮੰਤਰੀ ਨੇ ਅੱਗੇ ਕਿਹਾ, “ਉਹ ਦਿਨ ਬੀਤ ਚੁੱਕੇ ਹਨ ਜਦੋਂ ਨਿਵੇਸ਼ਕਾਂ 'ਤੇ ਅਣਉਚਿਤ ਲਾਭ ਜਾਂ ਉਨ੍ਹਾਂ ਦੇ ਉਦਯੋਗਾਂ ਵਿੱਚ ਹਿੱਸੇਦਾਰੀ ਲਈ ਦਬਾਅ ਪਾਇਆ ਜਾਂਦਾ ਸੀ। ਅੱਜ ਪੰਜਾਬ ਸਰਕਾਰ ਸਿਰਫ਼ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਦੀ ਹੈ। ਟਾਟਾ ਸਟੀਲ ਨੇ ਪਹਿਲਾਂ ਹੀ 3,200 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਵਿੱਚ ਜਮਸ਼ੇਦਪੁਰ ਤੋਂ ਬਾਅਦ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕੀਤਾ ਹੈ। ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਸਨਾਤਨ ਟੈਕਸਟਾਈਲ, ਨੇਸਲੇ, ਕਲਾਸ, ਫ੍ਰਾਇਡਨਬਰਗ, ਕਾਰਗਿਲ, ਵਰਬੀਓ ਅਤੇ ਡੈਨੋਨ ਵਰਗੀਆਂ ਅਗ੍ਰਣੀ ਕੰਪਨੀਆਂ ਨੇ ਰਾਜ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ।”

 ‘ਬੇਰੁਜ਼ਗਾਰੀ ਨਸ਼ੇ ਦੀ ਜੜ੍ਹ, ਨੌਜਵਾਨਾਂ ਲਈ ਰੁਜ਼ਗਾਰ ਸਭ ਤੋਂ ਵੱਡੀ ਤਰਜੀਹ’ : ਮਾਨ

ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਡਾ ਉਦੇਸ਼ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਸ਼ੇ ਦੀ ਲਾਣਤ ਤੋਂ ਦੂਰ ਰਹਿਣ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਅਤੇ ਬੇਰੁਜ਼ਗਾਰੀ ਕਈ ਸਮਾਜਿਕ ਸਮੱਸਿਆਵਾਂ ਦੀ ਜੜ੍ਹ ਹੈ। ਇਸ ਲਈ ਪੰਜਾਬ ਸਰਕਾਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿ ਸਾਡੇ ਨੌਜਵਾਨ ਸਤਿਕਾਰਯੋਗ ਨੌਕਰੀਆਂ ਰਾਹੀਂ ਇੱਕ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰਨ।”

Recent News