Courtesy: ai image
ਅੰਮ੍ਰਿਤਸਰ: ਪੰਜਾਬ ਵਿੱਚ ਹਰ ਦਿਨ ਮੌਸਮ ਕਰਵਟ ਲੈਂਦਾ ਨਜ਼ਰ ਆਉਂਦਾ ਹੈ। ਕਦੇ ਤੇਜ਼ ਤਿੱਖੀ ਧੁੱਪ ਤੇ ਕਦੇ ਤੇਜ਼ ਹਵਾਵਾਂ ਦੇ ਨਾਲ ਬੂੰਦਾਬਾਂਦੀ ਦਾ ਨਜ਼ਾਰਾ। ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚਲੀਆਂ। ਉੱਥੇ ਹੀ ਅੱਜ ਮੌਸਮ ਵਿਭਾਗ ਵੱਲੋਂ ਸੂਬੇ ਦੇ ਕੁੱਝ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਬੀਤੇ ਸ਼ੁੱਕਰਵਾਰ ਨੂੰ ਪਟਿਆਲਾ ਸਭ ਤੋਂ ਵੱਧ ਗਰਮ ਸ਼ਹਿਰ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ 'ਚ 2.4 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਮ ਤਾਪਮਾਨ ਦੇ ਨੇੜੇ ਹੈ। ਪਟਿਆਲਾ ਵਿੱਚ ਸਭ ਤੋਂ ਵੱਧ 38.4 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਇਸ ਤੋਂ ਇਲਾਵਾ ਮੌਸਮ ਵਿਭਾਗ ਵਲੋਂ ਘੱਟੋ-ਘੱਟ ਤਾਪਮਾਨ ਵਿੱਚ ਵੀ -0.6 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ, ਜੋ ਆਮ ਤਾਪਮਾਨ ਦੇ ਨੇੜੇ ਹੈ। ਪਠਾਨਕੋਟ ਦਾ ਤਾਪਮਾਨ 21.2 ਡਿਗਰੀ ਸੈਲਸੀਅਸ ਰਿਹਾ ਹੈ।
ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰੇ 10 ਵਜੇ ਤੱਕ ਅਸਮਾਨ ਬੱਦਲਵਾਈ ਰਿਹਾ ਅਤੇ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ, ਦਿਨ ਦੇ ਬਾਕੀ ਸਮੇਂ ਦੌਰਾਨ ਤੇਜ਼ ਧੁੱਪ ਅਤੇ ਉੱਚ ਨਮੀ ਬਣੀ ਰਹੀ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਲੁਧਿਆਣਾ ਵਿੱਚ ਦਿਨ ਦਾ ਤਾਪਮਾਨ 35.0°C, ਅੰਮ੍ਰਿਤਸਰ ਵਿੱਚ 34.0°C, ਐਸਬੀਐਸ ਨਗਰ ਵਿੱਚ 34.2°C, ਹੁਸ਼ਿਆਰਪੁਰ ਵਿੱਚ 33.2°C, ਪਠਾਨਕੋਟ ਵਿੱਚ 34.0°C, ਰੂਪਨਗਰ ਵਿੱਚ 34.2°C ਅਤੇ ਫਾਜ਼ਿਲਕਾ ਵਿੱਚ 36.1°C ਦਰਜ ਕੀਤਾ ਗਿਆ।
ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦਾ ਅਲਰਟ
ਮੌਸਮ ਵਿਭਾਗ ਮੁਤਾਬਕ, ਅੱਜ ਪੰਜਾਬ ਦੇ 7 ਜ਼ਿਲ੍ਹਿਆਂ- ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਦਾ ਅਲਰਟ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਬਿਜਲੀ ਦੀ ਗਰਜ ਵੀ ਰਹੇਗੀ।
ਆਉਣ ਵਾਲੇ ਦਿਨਾਂ ਦਾ ਤਾਪਮਾਨ
ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਵਿੱਚ 22 ਜੂਨ ਤੱਕ ਬੱਦਲਵਾਈ, ਗਰਜ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹਿਣ ਦੀ ਉਮੀਦ ਹੈ। 23 ਜੂਨ ਤੋਂ ਮੌਸਮ ਸਾਫ਼ ਹੋ ਜਾਵੇਗਾ।