ਦੋਰਾਹਾ ਪੁਲਿਸ ਨੇ ਸ਼ਨੀਵਾਰ ਨੂੰ ਜੀਟੀ ਰੋਡ ’ਤੇ ਨਾਕੇਬੰਦੀ ਦੇ ਦੌਰਾਨ ਜਾਅਲੀ ਕਰੰਸੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਜੀਟੀ ਰੋਡ ’ਤੇ ਨਾਕਾ ਲਾਇਆ ਹੋਇਆ ਸੀ, ਜਿਸ ’ਤੇ ਪੁਲਿਸ ਨੇ ਖੰਨਾ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੀ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ। ਪੁਲਿਸ ਨੇ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਜਾਅਲੀ ਕਰੰਸੀ ਬਰਾਮਦ ਕੀਤੀ ਹੈ।
ਕਾਰ ਵਿੱਚੋਂ 9 ਲੱਖ 50 ਹਜ਼ਾਰ ਰੁਪਏ ਬਰਾਮਦ
ਪੁਲੀਸ ਨੇ ਕਾਰ ਵਿੱਚੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਭਾਟੀਕੇ ਜ਼ਿਲ੍ਹਾ ਅੰਮ੍ਰਿਤਸਰ, ਦੂਜਾ ਮਨਿੰਦਰਪਾਲ ਸਿੰਘ ਉਰਫ਼ ਸੋਢੀ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਪੁਲਿਸ ਨੇ ਉਸ ਦੀ ਕਾਰ ਵਿੱਚੋਂ 9 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਸ ਦੇ ਪਟਿਆਲਾ ਸਥਿਤ ਘਰ ਵਿੱਚੋਂ 4 ਲੱਖ 20 ਹਜ਼ਾਰ ਰੁਪਏ ਦੀ ਕਰੰਸੀ ਬਰਾਮਦ ਹੋਈ।
ਮਾਸਟਰ ਮਾਈਂਡ ਖਿਲਾਫ ਪਹਿਲਾਂ ਵੀ ਮਾਮਲੇ ਦਰਜ
ਪੁਲਿਸ ਨੇ ਉਸਦੇ ਘਰੋਂ ਐਚਪੀ ਕਲਰ ਪ੍ਰਿੰਟਰ, ਸ਼ਿਆਹੀ ਅਤੇ ਕਰੰਸੀ ਪ੍ਰਿੰਟਿੰਗ ਪੇਪਰ ਬਰਾਮਦ ਕੀਤਾ ਹੈ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਗੁਰਦੀਪ ਸਿੰਘ ਇਸ ਕੇਸ ਦਾ ਮਾਸਟਰ ਮਾਈਂਡ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਜਾਅਲੀ ਕਰੰਸੀ ਛਾਪਣ ਦੇ ਚਾਰ ਕੇਸ ਦਰਜ ਹਨ।