Courtesy: AI Image
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ 'ਚ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਅਹਿਮ ਤਬਦੀਲੀਆਂ ਕਰਦਿਆਂ 6 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਫੇਰਬਦਲ ਤਹਿਤ ਕਈ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ।
ਮਨਵੇਸ਼ ਸਿੰਘ ਸਿੱਧੂ ਨੂੰ ਕਿਰਤ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੀ ਜ਼ਿੰਮੇਵਾਰੀ
2004 ਬੈਚ ਦੇ ਆਈਏਐਸ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨੂੰ ਕਿਰਤ (ਲੇਬਰ) ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੇ ਨਾਲ-ਨਾਲ ਪੁਨਰਵਾਸ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਉਨ੍ਹਾਂ ਨੂੰ ਰੂਪਨਗਰ ਡਿਵੀਜ਼ਨ ਦੇ ਵਧੀਕ ਕਮਿਸ਼ਨਰ ਅਤੇ ਪੰਜਾਬ ਇੰਫਰਾਸਟਰੱਕਚਰ ਡਿਵੈਲਪਮੈਂਟ ਬੋਰਡ ਦੇ ਮੈਨੇਜਿੰਗ ਡਾਇਰੈਕਟਰ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਉਹ ਇਸ ਅਹੁਦੇ 'ਤੇ ਗਿਰੀਸ਼ ਦਿਆਲਨ ਦੀ ਥਾਂ ਕੰਮ ਸੰਭਾਲਣਗੇ।
ਜੇਲ੍ਹ ਵਿਭਾਗ ਵਿੱਚ ਗਿਰੀਸ਼ ਦਿਆਲਨ
2011 ਬੈਚ ਦੇ ਆਈਏਐਸ ਅਧਿਕਾਰੀ ਗਿਰੀਸ਼ ਦਿਆਲਨ ਨੂੰ ਹੁਣ ਜੇਲ੍ਹ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ, ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਿਟਡ, ਪੰਜਾਬ ਇੰਫਰਾਸਟਰੱਕਚਰ ਡਿਵੈਲਪਮੈਂਟ ਬੋਰਡ ਅਤੇ ਮਾਰਕਫੈੱਡ ਨਾਲ ਸੰਬੰਧਤ ਵਾਧੂ ਜ਼ਿੰਮੇਵਾਰੀਆਂ ਨਿਭਾ ਰਹੇ ਸਨ।
ਸੰਜਮ ਅਗਰਵਾਲ ਨੂੰ ਸੋਂਪਿਆ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
2012 ਬੈਚ ਦੇ ਆਈਏਐਸ ਅਧਿਕਾਰੀ ਸੰਜਮ ਅਗਰਵਾਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੋਂਪਿਆ ਗਿਆ ਹੈ, ਜਿੱਥੇ ਉਹਨਾਂ ਨੂੰ ਵਿਸ਼ੇਸ਼ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਰਾਜ ਸਿਹਤ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਨਸ਼ਾ ਵਿਰੋਧੀ ਮੁਹਿੰਮ ਦੇ ਨੋਡਲ ਅਫਸਰ ਵਜੋਂ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਵੀ ਜਾਰੀ ਰੱਖਣਗੇ। ਇਸ ਦੇ ਨਾਲ ਉਨ੍ਹਾਂ ਨੂੰ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਵਿਸ਼ੇਸ਼ ਸਾਰੰਗਲ ਨੂੰ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ
2013 ਬੈਚ ਦੇ ਆਈਏਐਸ ਅਧਿਕਾਰੀ ਵਿਸ਼ੇਸ਼ ਸਾਰੰਗਲ ਨੂੰ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ ਆਪਣੀ ਜ਼ਿੰਮੇਵਾਰੀ ਜਾਰੀ ਰੱਖਣ ਦੇ ਨਾਲ-ਨਾਲ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਉਹ ਡਾਇਰੈਕਟਰ, ਗੁੱਡ ਗਵਰਨੈਂਸ ਐਂਡ ਆਈਟੀ ਅਤੇ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹਿਣਗੇ।
ਸਾਕਸ਼ੀ ਸਾਹਨੀ ਨੂੰ ਮਿਲਿਆ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
2014 ਬੈਚ ਦੀ ਆਈਏਐਸ ਅਧਿਕਾਰੀ ਸਾਕਸ਼ੀ ਸਾਹਨੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੀ ਮਿਸ਼ਨ ਡਾਇਰੈਕਟਰ ਹੋਣ ਦੇ ਨਾਲ-ਨਾਲ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਵਜੋਂ ਵੀ ਵਾਧੂ ਜ਼ਿੰਮੇਵਾਰੀ ਸੰਭਾਲਣਗੀਆਂ।
ਰੋਜ਼ਗਾਰ ਸਿਰਜਣਾ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਿੱਚ ਪ੍ਰੀਤ ਯਾਦਵ
ਇਸੇ ਤਰ੍ਹਾਂ 2014 ਬੈਚ ਦੇ ਆਈਏਐਸ ਅਧਿਕਾਰੀ ਪ੍ਰੀਤ ਯਾਦਵ ਨੂੰ ਰੋਜ਼ਗਾਰ ਸਿਰਜਣਾ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਵਿੱਤ ਵਿਭਾਗ ਦੇ ਖਰਚਾ (ਐਕਸਪੈਂਡੀਚਰ) ਮਾਮਲਿਆਂ ਨਾਲ ਸੰਬੰਧਤ ਵਿਸ਼ੇਸ਼ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਇਸ ਪ੍ਰਸ਼ਾਸਨਿਕ ਫੇਰਬਦਲ ਨੂੰ ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।