Courtesy: ai image
ਲੁਧਿਆਣਾ: ਗਰਮੀ ਦੀ ਛੁੱਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੁਧਿਆਣਾ ਵਿੱਚ ਮੈਡੀਕਲ ਐਸੋਸੀਏਸ਼ਨ ਦੀ ਹੋਈ ਮੀਟਿੰਗ ਦੌਰਾਨ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀਆਂ ਲਗਭਗ 3,800 ਮੈਡੀਕਲ ਦੁਕਾਨਾਂ 12 ਜੂਨ ਤੋਂ 15 ਜੂਨ ਤੱਕ ਚਾਰ ਦਿਨਾਂ ਲਈ ਬੰਦ ਰਹਿਣਗੀਆਂ।
ਐਸੋਸੀਏਸ਼ਨ ਮੁਤਾਬਕ ਇਹ ਫੈਸਲਾ ਮੈਂਬਰਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ, ਤਾਂ ਜੋ ਦਵਾਈ ਵਿਕਰੇਤਾ ਅਤੇ ਉਨ੍ਹਾਂ ਦਾ ਸਟਾਫ਼ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਲਾਭ ਲੈ ਸਕੇ।
ਇਸ ਮੀਟਿੰਗ ਦੌਰਾਨ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਪਹਿਲਾਂ ਹੀ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿਹੜੇ ਮਰੀਜ਼ ਰੋਜ਼ਾਨਾ ਦਵਾਈਆਂ 'ਤੇ ਨਿਰਭਰ ਹਨ, ਉਹ ਆਪਣੀਆਂ ਲੋੜੀਂਦੀਆਂ ਦਵਾਈਆਂ ਛੁੱਟੀਆਂ ਤੋਂ ਪਹਿਲਾਂ ਹੀ ਖਰੀਦ ਲੈਣ। ਤਾਂਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਮੈਡੀਕਲ ਸਟੋਰ ਰਹਿਣਗੇ ਖੁੱਲ੍ਹੇ
ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰਾਂ ਦੇ ਮੈਡੀਕਲ ਬੰਦ ਰਹਿਣਗੇ, ਲੇਕਿਨ ਹਸਪਤਾਲਾਂ ਦੇ ਅੰਦਰ ਚੱਲ ਰਹੀਆਂ ਮੈਡੀਕਲ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਐਮਰਜੈਂਸੀ ਸਥਿਤੀ ਵਿੱਚ ਲੋਕ ਹਸਪਤਾਲਾਂ ਵਿੱਚ ਮੌਜੂਦ ਮੈਡੀਕਲ ਸਟੋਰਾਂ ਤੋਂ ਦਵਾਈਆਂ ਅਤੇ ਹੋਰ ਜ਼ਰੂਰੀ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਡੀਕਲ ਦੀ ਛੁੱਟੀਆਂ ਤੋ ਪਹਿਲਾਂ ਹੀ ਆਪਣੀਆਂ ਦਵਾਈਆਂ ਅਤੇ ਹੋਰ ਜਰੂਰੀ ਮੈਡੀਕਲ ਵਸਤਾਂ ਦਾ ਪ੍ਰਬੰਧ ਕਰ ਲੈਣ। ਖ਼ਾਸ ਕਰਕੇ ਬਜ਼ੁਰਗਾਂ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।