menu-icon
Punjabi Story Line
  • Home
  • News
  • Punjab
  • ਪੰਜਾਬ 'ਚ 5 ਸਾਲਾਂ ਦਰਮਿਆਨ ਟਰੈਕਟਰ-ਟਰਾਲੀਆਂ ਨਾਲ 2 ਹਜ਼ਾਰ ਤੋਂ ਵੱਧ ਹਾਦਸੇ, 1569 ਮੌਤਾਂ ਹੋਈਆਂ

ਪੰਜਾਬ 'ਚ 5 ਸਾਲਾਂ ਦਰਮਿਆਨ ਟਰੈਕਟਰ-ਟਰਾਲੀਆਂ ਨਾਲ 2 ਹਜ਼ਾਰ ਤੋਂ ਵੱਧ ਹਾਦਸੇ, 1569 ਮੌਤਾਂ ਹੋਈਆਂ

ਇਹ ਮੁਹਿੰਮ ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੁਆਰਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ।

Date Updated Last Updated : 23 April 2025, 10:57 PM IST
Share:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸਰਗਰਮ ਪੁਲਿਸਿੰਗ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪੰਜਾਬ ਪੁਲਿਸ ਨੇ ਯਾਰਾ ਇੰਡੀਆ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵਿਸ਼ੇਸ਼ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ‘ ਆਈ ਐਮ ਸੇਫ਼ਟੀ ਹੀਰੋ’ ਦੀ ਸ਼ੁਰੁਆਤ ਕੀਤੀ । ਇਹ ਮੁਹਿੰਮ ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੁਆਰਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ।

ਹਾਦਸਿਆਂ ਦੀ ਰੋਕਥਾਮ ਲਈ ਮੁਹਿੰਮ

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਤੇ ਸੜਕ ਸੁਰੱਖਿਆ ਏ.ਐਸ. ਰਾਏ ਨੇ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਖੇਤੀਬਾੜੀ ਵਾਹਨਾਂ, ਖਾਸ ਕਰਕੇ ਟਰੈਕਟਰ-ਟਰਾਲੀਆਂ ਨਾਲ ਸਬੰਧਤ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਰਾਹੀਂ ਨਜਿੱਠਣਾ ਹੈ। ਏਡੀਜੀਪੀ ਨੇ ਕਿਹਾ ਕਿ ਇਹ ਮਟੀਰੀਅਲ ਪੰਜਾਬ ਪੁਲਿਸ ਦੇ ਸਾਰੇ ਜ਼ਿਲਿ੍ਹਆਂ ਅਤੇ ਕਮਿਸ਼ਨਰੇਟਾਂ ਵਿੱਚ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਢਾਂਚਾਗਤ ਪ੍ਰੋਗਰਾਮਿੰਗ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਅਤੇ ਕਮਿਊਨਿਟੀ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ।

ਖੰਨਾ ਅਨਾਜ ਮੰਡੀ ਤੋਂ ਹੋਵੇਗੀ ਸ਼ੁਰੂਆਤ 

ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਲਈ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ - ਖੰਨਾ ਮੰਡੀ - ਵਿਖੇ ਵੀਰਵਾਰ ਤੋਂ ਤਿੰਨ ਦਿਨਾਂ ਮਾਡਲ ਕਿਸਾਨ ਜਾਗਰੂਕਤਾ ਕੈਂਪ ਸ਼ੁਰੂ ਹੋਵੇਗਾ, ਜਿਸ ਤਹਿਤ ਖੰਨਾ ਮਾਰਕੀਟ ਕਮੇਟੀ ਦਫ਼ਤਰ ਵਿਖੇ ਇੱਕ ਏਅਰ-ਕੂਲਡ ਜਾਗਰੂਕਤਾ ਬੂਥ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਕਲਾਸਰੂਮ-ਸ਼ੈਲੀ ਦੀਆਂ ਸੀਟਾਂ ਹੋਣਗੀਆਂ ਅਤੇ ਘੱਟੋ-ਘੱਟ 10 ਕੇਂਦ੍ਰਿਤ ਜਾਗਰੂਕਤਾ ਸੈਸ਼ਨ ਕਰਵਾਉਣ ਤੋਂ ਇਲਾਵਾ  ਨੁੱਕੜ ਨਾਟਕ, ਸੇਫਟੀ ਗੀਅਰ ਵੰਡ ਅਤੇ ਕਿਸਾਨਾਂ, ਮੰਡੀ ਕਾਮਿਆਂ ਅਤੇ ਟਰਾਂਸਪੋਰਟਰਾਂ ਲਈ ਲਾਈਵ ਪ੍ਰਦਰਸ਼ਨ ਵੀ ਹੋਣਗੇ। ਕੈਂਪ ਦਾ ਉਦਘਾਟਨ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਖੰਨਾ ਜੋਤੀ ਯਾਦਵ ਕਰਨਗੇ।

5 ਸਾਲ ਦੇ ਅੰਕੜੇ ਚਿੰਤਾਜਨਕ 

ਅਧਿਕਾਰਤ ਅੰਕੜਿਆਂ ਅਨੁਸਾਰ, 2017 ਤੋਂ 2022  ਦਰਮਿਆਨ, ਪੰਜਾਬ ਵਿੱਚ ਟਰੈਕਟਰ-ਟਰਾਲੀਆਂ ਨਾਲ ਸਬੰਧਤ 2,048 ਸੜਕ ਹਾਦਸੇ ਦਰਜ ਕੀਤੇ ਗਏ, ਜਿਸ ਦੇ ਨਤੀਜੇ ਵਜੋਂ 1,569 ਮੌਤਾਂ ਹੋਈਆਂ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕਿਸਾਨ ਸਨ। ਇਹ ਘਟਨਾਵਾਂ ਰਾਜ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਦਾ ਲਗਭਗ 5-6 ਫਸੀਦ ਹਨ, ਜਿਸ ਨਾਲ ਪੇਂਡੂ ਸੜਕ ਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਸਟਿੱਕਰ ਮੁਹਿੰਮ ਅਤੇ ਜਾਗਰੂਕਤਾ ਗਤੀਵਿਧੀਆਂ 28 ਅਪ੍ਰੈਲ ਨੂੰ ਕੰਮ ’ਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਤੱਕ ਪੰਜਾਬ ਭਰ ਵਿੱਚ ਜਾਰੀ ਰਹਿਣਗੀਆਂ। ਇਸ ਤੋਂ ਬਾਅਦ, ਪੰਜਾਬ ਪੁਲਿਸ ਦੇ ਟਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਦੇ ਅਧੀਨ ਟਰੈਫਿਕ ਅਤੇ ਸੜਕ ਸੁਰੱਖਿਆ ਸਿੱਖਿਆ ਸੈੱਲਾਂ ਦੁਆਰਾ ਇੱਕ ਰਾਜ ਵਿਆਪੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਸਕੂਲ, ਮੰਡੀਆਂ ਅਤੇ ਸੰਵੇਦਨਸ਼ੀਲ ਪੇਂਡੂ ਰੂਟ ਸ਼ਾਮਲ ਹੋਣਗੇ।

Recent News