Mukhtar Ansari: ਯੂਪੀ ਦੇ ਗੈਂਗਸਟਰ ਅਤੇ ਮਾਫੀਆ ਮੁਖਤਾਰ ਅੰਸਾਰੀ ਦੇ ਅਪਰਾਧ ਦਾ ਚੈਪਟਰ ਹੁਣ ਬੰਦ ਹੋ ਗਿਆ ਹੈ। ਯੂਪੀ ਦੀ ਬਾਂਦਾ ਜੇਲ੍ਹ ਵਿੱਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਮੌਤ ਹੋ ਗਈ। ਮੁਖਤਾਰ ਅੰਸਾਰੀ ਉਹ ਮਾਫੀਆ ਸੀ ਜਿਸ ਦਾ ਸਿੱਕਾ ਨਾ ਸਿਰਫ ਯੂਪੀ ਸਗੋਂ ਪੰਜਾਬ ਵਿਚ ਵੀ ਚੱਲ ਰਿਹਾ ਸੀ।
ਜੇਲ੍ਹ ਵਿੱਚੋਂ ਹੀ ਬਣਾਈ ਕਰੋੜਾ ਰੁਪਏ ਦੀ ਜਾਇਦਾਦ
ਪੰਜਾਬ ਦੀ ਜੇਲ੍ਹ ਵਿੱਚ ਰਹਿੰਦਿਆਂ ਵੀ ਉਸ ਨੇ ਕਰੋੜਾਂ ਰੁਪਏ ਦੀ ਗ਼ੈਰ-ਕਾਨੂੰਨੀ ਜਾਇਦਾਦ ਇਕੱਠੀ ਕਰ ਲਈ ਸੀ। ਇਸ ਦੇ ਲਈ ਉਸ ਨੇ ਵਿਕਾਸ ਕੰਸਟਰਕਸ਼ਨ ਰਾਹੀਂ ਕਈ ਨਾਜਾਇਜ਼ ਕੰਮ ਕਰਵਾਏ ਸਨ। ਉਸ ਸਮੇਂ ਦੌਰਾਨ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਵਿੱਚ 20 ਕਰੋੜ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਜਾਇਦਾਦ ਦਾ ਪਤਾ ਲਗਾਇਆ ਸੀ। ਮੁਖਤਾਰ ਅੰਸਾਰੀ ਦੇ ਜੇਲ 'ਚ ਹੋਣ ਕਾਰਨ ਉਸ ਦੀ ਪਤਨੀ ਅਫਸਾ ਅੰਸਾਰੀ ਆਪਣੇ ਭਰਾ ਆਤਿਫ ਨਾਲ ਵਿਕਾਸ ਕੰਸਟਰਕਸ਼ਨ 'ਚ ਕੰਮ ਕਰਦੀ ਸੀ। ਇਸ ਦੌਰਾਨ ਕਈ ਆਰਡਰ ਲਏ ਗਏ ਅਤੇ ਕਾਗਜ਼ਾਂ 'ਤੇ ਕੰਮ ਦਿਖਾਇਆ ਗਿਆ ਅਤੇ ਫਿਰ ਉਸ ਪੈਸੇ ਨਾਲ ਜ਼ਮੀਨ ਅਤੇ ਮਕਾਨ ਬਣਾਏ ਗਏ। ਈਡੀ ਨੇ ਮਊ ਅਤੇ ਗਾਜ਼ੀਪੁਰ 'ਚ ਅੱਬਾਸ ਦੇ ਨਾਂ 'ਤੇ ਬਣੀਆਂ 6 ਕਰੋੜ ਤੋਂ ਵੱਧ ਦੀ ਜਾਇਦਾਦ ਵੀ ਕੁਰਕ ਕੀਤੀ ਸੀ।
ਜੇਲ 'ਚ ਰਹਿ ਕੇ ਆਪਣਾ ਨੈੱਟਵਰਕ ਚਲਾ ਰਿਹਾ ਸੀ ਅੰਸਾਰੀ
ਜਾਣਕਾਰੀ ਮੁਤਾਬਕ ਮਾਫੀਆ ਮੁਖਤਾਰ ਪੰਜਾਬ ਦੀ ਰੋਪੜ ਜੇਲ 'ਚ ਰਹਿ ਕੇ ਆਪਣਾ ਨੈੱਟਵਰਕ ਚਲਾ ਰਿਹਾ ਸੀ। ਉਹ ਹਰਿਆਣਾ ਦੇ ਕੁਝ ਲੋਕਾਂ ਦੇ ਸੰਪਰਕ ਵਿਚ ਵੀ ਸੀ ਜੋ ਉਸ ਦਾ ਸਮਰਥਨ ਕਰਦੇ ਸਨ। ਭਗਵੰਤ ਮਾਨ ਸਰਕਾਰ ਵਿੱਚ ਜੇਲ੍ਹ ਮੰਤਰੀ ਰਹੇ ਹਰਜੋਤ ਬੈਂਸ ਨੇ ਅੰਸਾਰੀ ਨੂੰ ਜੇਲ੍ਹ ਵਿੱਚ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਉਸ ਨੇ ਅੰਸਾਰੀ ਬਾਰੇ ਵਿਸਥਾਰਤ ਫਾਈਲ ਤਿਆਰ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਅੰਸਾਰੀ ਨੂੰ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ।