menu-icon
Punjabi Story Line
  • Home
  • News
  • Punjab
  • ਪੰਜਾਬ 'ਚ ਫਰਲੋ ਨਹੀਂ ਮਾਰ ਸਕਣਗੇ ਪਟਵਾਰੀ, ਮਾਨ ਸਰਕਾਰ ਨੇ ਲਿਆ ਨਵਾਂ ਫੈਸਲਾ 

ਪੰਜਾਬ 'ਚ ਫਰਲੋ ਨਹੀਂ ਮਾਰ ਸਕਣਗੇ ਪਟਵਾਰੀ, ਮਾਨ ਸਰਕਾਰ ਨੇ ਲਿਆ ਨਵਾਂ ਫੈਸਲਾ 

ਸੂਬੇ ਭਰ ਦੇ ਪਟਵਾਰੀ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਮਿਲਣਗੇ। ਇਸਦੀ ਸ਼ੁਰੂਆਤ ਪਟਿਆਲਾ ਸ਼ਹਿਰ ਤੋਂ ਬਾਹੁਕਮ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਪਟਵਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। 

Date Updated Last Updated : 04 February 2025, 07:52 PM IST
Share:

ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਸ਼ਾਸਨ ਦੇਣ ਦੇ ਮਕਸਦ ਨਾਲ ਲਗਾਤਾਰ ਨਵੇਂ ਫੈਸਲੇ ਲੈ ਰਹੀ ਹੈ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਤਹਿਸੀਲਾਂ ਅੰਦਰ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਦੇ ਮਕਸਦ ਨਾਲ ਨਵਾਂ ਫੈਸਲਾ ਲਿਆ ਗਿਆ ਹੈ। ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਮਾਲ ਮਹਿਕਮੇ ਦੇ ਪਟਵਾਰੀਆਂ ਦੀ ਹਾਜ਼ਰੀ ਨੂੰ ਦਫ਼ਤਰਾਂ 'ਚ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਤੇ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸਦੇ ਨਾਲ ਹੀ ਪਟਵਾਰੀਆਂ ਦੀ ਫਰਲੋ ਵੀ ਖਤਮ ਹੋਵੇਗੀ ਜੋਕਿ ਆਮ ਤੌਰ 'ਤੇ ਦੇਖੀ ਜਾਂਦੀ ਹੈ। 

ਪਹਿਲਾਂ ਲੋਕਾਂ ਦਾ ਕੰਮ, ਫਿਰ ਫੀਲਡ 'ਚ ਡਿਊਟੀ

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਪਟਵਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣਗੇ। ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਤਾਇਨਾਤ ਪਟਵਾਰੀਆਂ ਨੂੰ ਲਿਖਤੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਆਪਣੇ ਵਰਕ ਸਟੇਸ਼ਨਾਂ 'ਤੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ (ਸਿਵਾਏ ਕਿਸੇ ਕੋਰਟ ਕੇਸ ਜਾਂ ਕਿਸੇ ਹੋਰ ਜਰੂਰੀ ਦਫ਼ਤਰੀ ਕੰਮ ਦੇ) ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਲੋਕਾਂ ਨੂੰ ਮਿਲਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਪਟਵਾਰੀ ਨੇ ਆਪਣੇ ਖੇਤਰ 'ਚ ਕਿਸੇ ਦੌਰੇ 'ਤੇ ਜਾਣਾ ਹੈ ਤਾਂ ਉਹ ਸਵੇਰੇ 11 ਵਜੇ ਤੋਂ ਬਾਅਦ ਜਾਣਗੇ ਅਤੇ ਪਹਿਲਾਂ ਲੋਕਾਂ ਨੂੰ ਮਿਲਕੇ ਤੇ ਉਨ੍ਹਾਂ ਦੇ ਕੰਮਾਂ ਨੂੰ ਨਿਪਟਾਉਣਾ ਯਕੀਨੀ ਬਣਾਉਣਗੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ ਤੇ ਉਹ ਖੱਜਲ ਖੁਆਰ ਨਾ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਟਵਾਰੀ ਦੀ ਕੋਈ ਫੀਲਡ ਜਾਂ ਉਚ ਦਫ਼ਤਰਾਂ ਵਿਖੇ ਕੋਈ ਡਿਊਟੀ ਨਹੀਂ ਹੈ ਤਾਂ ਉਹ 11 ਵਜੇ ਤੋਂ ਬਾਅਦ ਵੀ ਆਮ ਲੋਕਾਂ ਦੇ ਕੰਮਾਂ ਲਈ ਦਫ਼ਤਰ ਵਿੱਚ ਹਾਜ਼ਰ ਰਹਿਣਗੇ।

Recent News