menu-icon
Punjabi Story Line
  • Home
  • News
  • National
  • ਏਅਰ ਇੰਡੀਆ ਦੀ ਫਲਾਈਟ 'ਚ ਟਰਬੂਲੈਂਸ ਮਾਮਲਾ: 300 ਫੁੱਟ ਹੇਠਾਂ ਡਿੱਗੀ A320, ਜਾਂਚ ਤੱਕ ਦੋਵੇਂ ਪਾਇਲਟ ਮੁਅੱਤਲ

ਏਅਰ ਇੰਡੀਆ ਦੀ ਫਲਾਈਟ 'ਚ ਟਰਬੂਲੈਂਸ ਮਾਮਲਾ: 300 ਫੁੱਟ ਹੇਠਾਂ ਡਿੱਗੀ A320, ਜਾਂਚ ਤੱਕ ਦੋਵੇਂ ਪਾਇਲਟ ਮੁਅੱਤਲ

ਘਟਨਾ ਦੌਰਾਨ ਏਅਰ ਇੰਡੀਆ ਦਾ A320 ਜਹਾਜ਼ (VT-EXO) ਫੁਕੇਟ ਤੋਂ ਦਿੱਲੀ ਦੀ ਉਡਾਨ ਭਰ ਰਿਹਾ ਸੀ ਕਿ ਅਚਾਨਕ ਭਿਆਨਕ ਟਰਬੂਲੈਂਸ ਕਾਰਨ ਉਹ ਲਗਭਗ 300 ਫੁੱਟ ਹੇਠਾਂ ਖਿਸਕ ਗਿਆ। ਹਾਲਾਂਕਿ ਬਾਅਦ 'ਚ ਕਰੂ ਨੇ ਜਹਾਜ਼ 'ਤੇ ਕਾਬੂ ਪਾ ਲਿਆ ਅਤੇ ਉਹ ਸੁਰੱਖਿਅਤ ਦਿੱਲੀ ਪਹੁੰਚ ਗਿਆ ਪਰ......

Date Updated Last Updated : 09 August 2026, 08:11 PM IST
Share:

ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 (A320) 4 ਅਗਸਤ ਨੂੰ ਅਚਾਨਕ ਲਗਭਗ 300 ਫੁੱਟ ਹੇਠਾਂ ਡਿੱਗ ਗਈ ਸੀ, ਜਿਸ ਨੇ ਸਾਰਿਆਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਇਸ ਗੰਭੀਰ ਹਵਾਬਾਜ਼ੀ ਘਟਨਾ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਜਹਾਜ਼ ਦੇ ਦੋਵੇਂ ਪਾਇਲਟਾਂ ਨੂੰ ਡਿਊਟੀ ਰੋਸਟਰ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਮਾਮਲੇ ਦੀ ਜਾਂਚ ਹੁਣ AAIB (ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ) ਵੱਲੋਂ ਕੀਤੀ ਜਾ ਰਹੀ ਹੈ ਅਤੇ ਪਾਇਲਟਾਂ ਦੇ ਡਰੱਗ ਟੈਸਟਾਂ ਦੀ ਅੰਤਿਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਟਰਬੂਲੈਂਸ ਕਾਰਨ ਜਹਾਜ਼ ਅਚਾਨਕ ਹੇਠਾਂ ਡਿੱਗਿਆ

ਘਟਨਾ ਦੌਰਾਨ ਏਅਰ ਇੰਡੀਆ ਦਾ A320 ਜਹਾਜ਼ (VT-EXO) ਫੁਕੇਟ ਤੋਂ ਦਿੱਲੀ ਦੀ ਉਡਾਨ ਭਰ ਰਿਹਾ ਸੀ ਕਿ ਅਚਾਨਕ ਭਿਆਨਕ ਟਰਬੂਲੈਂਸ ਕਾਰਨ ਉਹ ਲਗਭਗ 300 ਫੁੱਟ ਹੇਠਾਂ ਖਿਸਕ ਗਿਆ। ਹਾਲਾਂਕਿ ਬਾਅਦ 'ਚ ਕਰੂ ਨੇ ਜਹਾਜ਼ 'ਤੇ ਕਾਬੂ ਪਾ ਲਿਆ ਅਤੇ ਉਹ ਸੁਰੱਖਿਅਤ ਦਿੱਲੀ ਪਹੁੰਚ ਗਿਆ, ਪਰ ਇਸ ਦੌਰਾਨ ਜਹਾਜ਼ ਵਿੱਚ ਸਵਾਰ ਕਈ ਯਾਤਰੀਆਂ ਅਤੇ ਕੈਬਿਨ ਕਰੂ ਮੈਂਬਰ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਹਵਾਬਾਜ਼ੀ ਖੇਤਰ ਵਿੱਚ ਇੱਕ ਗੰਭੀਰ ਮਾਮਲੇ ਵਜੋਂ ਦਰਜ ਕੀਤਾ ਗਿਆ ਹੈ।

ਕੈਪਟਨ ਦੇ ਟੈਸਟ ਵਿੱਚ ਆਏ ਸ਼ੱਕੀ ਨਤੀਜੇ

ਘਟਨਾ ਤੋਂ ਬਾਅਦ ਨਿਯਮਾਂ ਤਹਿਤ ਦੋਵੇਂ ਪਾਇਲਟਾਂ ਦੇ ਸਾਈਕੋਐਕਟਿਵ ਪਦਾਰਥਾਂ ਦੇ ਟੈਸਟ ਕੀਤੇ ਗਏ, ਜਿਸ ਵਿੱਚ ਕੈਪਟਨ ਦੀ ਰਿਪੋਰਟ ਸ਼ੱਕੀ ਪਾਈ ਗਈ। ਇਸ ਕਾਰਨ ਕੈਪਟਨ ਦਾ ਸੈਂਪਲ ਪੁਸ਼ਟੀ ਲਈ ਅਧਿਕਾਰਤ ਲੈਬ ਵਿੱਚ ਭੇਜਿਆ ਗਿਆ ਹੈ। ਅਜੇ ਇਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਕਿ ਪਾਇਲਟ ਨਸ਼ੇ ਵਿੱਚ ਸੀ ਜਾਂ ਨਹੀਂ, ਕਿਉਂਕਿ ਇਸ ਦੀ ਅੰਤਿਮ ਪੁਸ਼ਟੀ ਲੈਬ ਰਿਪੋਰਟ ਤੋਂ ਬਾਅਦ ਹੀ ਸੰਭਵ ਹੋ ਸਕੇਗੀ।

ਡੀ.ਜੀ.ਸੀ.ਏ. ਨੇ ਰੋਸਟਰ ਤੋਂ  ਹਟਾਇਆ

ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ (DGCA) ਨੇ ਜਾਂਚ ਅਤੇ ਟੈਸਟ ਰਿਪੋਰਟਾਂ ਦੇ ਅੰਤਿਮ ਨਤੀਜੇ ਆਉਣ ਤੱਕ ਦੋਵਾਂ ਪਾਇਲਟਾਂ ਨੂੰ ਉਨ੍ਹਾਂ ਦੇ ਡਿਊਟੀ ਰੋਸਟਰ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਮੰਤਰਾਲੇ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਹਵਾਬਾਜ਼ੀ ਸੁਰੱਖਿਆ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਂਚ ਰਿਪੋਰਟਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਜਹਾਜ਼ ਦੀ ਉਚਾਈ ਘਟਣ ਦੇ ਕਾਰਨਾਂ ਦੀ ਪੜਤਾਲ ਜਾਰੀ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਮਾਮਲੇ ਦੀ ਜਾਂਚ ਕਰ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਹਾਜ਼ ਅਚਾਨਕ 300 ਫੁੱਟ ਹੇਠਾਂ ਕਿਉਂ ਡਿੱਗਿਆ। ਜਾਂਚਕਰਤਾ ਇਹ ਵੀ ਪਤਾ ਕਰ ਰਹੇ ਹਨ ਕਿ ਟਰਬੂਲੈਂਸ ਦੌਰਾਨ ਕਿਨ੍ਹਾਂ ਹਾਲਾਤਾਂ ਕਾਰਨ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੱਟਾਂ ਲੱਗੀਆਂ। DGCA ਨੇ ਘਟਨਾ ਦੀਆਂ ਸਾਰੀਆਂ ਪਹਿਲੂਆਂ 'ਤੇ ਡੂੰਘਾਈ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

137 ਯਾਤਰੀ ਸਵਾਰ, ਕਈਆਂ ਨੂੰ ਲੱਗੀਆਂ ਸੱਟਾਂ

ਫਲਾਈਟ AI2379 ਵਿੱਚ ਘਟਨਾ ਸਮੇਂ ਕੁੱਲ 137 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਜਹਾਜ਼ ਵਿੱਚ 8 ਮੈਂਬਰੀ ਕਰੂ ਸੀ, ਜਿਸ ਵਿੱਚ 2 ਪਾਇਲਟ ਅਤੇ 6 ਕੈਬਿਨ ਕਰੂ ਸ਼ਾਮਲ ਸਨ। ਅਚਾਨਕ ਉਚਾਈ ਘਟਣ ਕਾਰਨ ਕਈ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ਦਾ ਮੌਕੇ 'ਤੇ ਇਲਾਜ ਕੀਤਾ ਗਿਆ। ਮੰਤਰਾਲੇ ਮੁਤਾਬਕ ਸਾਰੇ ਜ਼ਖ਼ਮੀ ਯਾਤਰੀ ਹੁਣ ਖਤਰੇ ਤੋਂ ਬਾਹਰ ਹਨ।

ਫਾਈਨਲ ਰਿਪੋਰਟ ਤੋਂ ਬਾਅਦ ਹੀ ਲਿਆ ਜਾਵੇਗਾ ਅਗਲਾ ਫੈਸਲਾ

ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਕੈਪਟਨ ਨੂੰ ਨਸ਼ੇ ਦੇ ਸੇਵਨ ਦਾ ਦੋਸ਼ੀ ਠਹਿਰਾਉਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟ ਦੀ ਅੰਤਿਮ ਪੁਸ਼ਟੀ ਤੋਂ ਬਾਅਦ ਹੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜਹਾਜ਼ ਦੇ ਉਡਾਣ ਰਿਕਾਰਡਾਂ, ਟਰਬੂਲੈਂਸ ਡੇਟਾ ਅਤੇ ਫਲਾਈਟ ਕਰੂ ਦੇ ਬਿਆਨਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Recent News