ਅੱਜ-ਕੱਲ੍ਹ ਫੈਟੀ ਲੀਵਰ ਦੀ ਬੀਮਾਰੀ ਆਮ ਹੁੰਦੀ ਜਾ ਰਹੀ ਹੈ, ਜਿਸ ਵਿੱਚ ਲੀਵਰ ਵਿੱਚ ਬਹੁਤ ਜ਼ਿਆਦਾ ਚਰਬੀ ਇਕੱਠੀ ਹੋ ਜਾਂਦੀ ਹੈ। ਇਸਦਾ ਕਾਰਨ ਅਕਸਰ ਮਾੜਾ ਖਾਣ-ਪੀਣ, ਮੋਟਾਪਾ ਜਾਂ ਮੈਟਾਬੋਲਿਜ਼ਮ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਡਾਈਟ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੰਤੁਲਿਤ ਅਤੇ ਹੈਲਥੀ ਭੋਜਨ ਨਾ ਸਿਰਫ਼ ਲੀਵਰ ਨੂੰ ਸਿਹਤਮੰਦ ਰੱਖਦਾ ਹੈ, ਸਗੋਂ ਵਜ਼ਨ ਨੂੰ ਵੀ ਕਾਬੂ ਵਿੱਚ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇੱਥੇ ਅਸੀਂ ਫੈਟੀ ਲੀਵਰ ਵਿੱਚ ਖਾਣ-ਪੀਣ ਦੇ ਸਹੀ ਤਰੀਕੇ, ਲਾਹੇਵੰਦ ਫੂਡਸ, ਅਤੇ ਉਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਫੈਟੀ ਲੀਵਰ ਨਾਲ ਪੀੜਤ ਵਿਅਕਤੀ ਨੂੰ ਆਪਣੀ ਡਾਈਟ ਵਿੱਚ ਅਜਿਹੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿੱਚ ਹੈਲਥੀ ਫੈਟ, ਫਾਈਬਰ ਅਤੇ ਘੱਟ ਮਾਤਰਾ ਵਿੱਚ ਖੰਡ (ਸ਼ੂਗਰ) ਹੋਵੇ। ਇੱਕ ਦੀ ਰਿਪੋਰਟ ਅਨੁਸਾਰ, ਫੈਟੀ ਲੀਵਰ ਵਿੱਚ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਖਾਸ ਤੌਰ 'ਤੇ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੇਬ, ਸੰਤਰਾ, ਅਮਰੂਦ, ਪੱਤੇਦਾਰ ਸਬਜ਼ੀਆਂ, ਗਾਜਰ, ਓਟਸ (ਜਈ) ਅਤੇ ਬ੍ਰਾਊਨ ਚਾਵਲ ਵਰਗੀਆਂ ਚੀਜ਼ਾਂ ਫ਼ਾਇਦੇਮੰਦ ਰਹਿੰਦੀਆਂ ਹਨ। ਪ੍ਰੋਟੀਨ ਲਈ ਦਾਲਾਂ, ਬੀਨਜ਼, ਛੋਲੇ, ਮਟਰ ਅਤੇ ਮੱਛੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਫੈਟੀ ਲੀਵਰ ਦੇ ਮਰੀਜ਼ਾਂ ਨੂੰ ਸੰਤ੍ਰਿਪਤ ਚਰਬੀ (saturated fat) ਤੋਂ ਬਚਣਾ ਚਾਹੀਦਾ ਹੈ। ਘੀ ਅਤੇ ਮੱਖਣ ਦੀ ਥਾਂ 'ਤੇ ਆਲਿਵ ਆਇਲ ਵਰਗੇ ਅਨਸੈਚੁਰੇਟਿਡ ਫੈਟ ਵਾਲੇ ਤੇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਸਰੀਰ ਵਿੱਚ ਓਮੇਗਾ-3 ਫੈਟੀ ਐਸਿਡ ਦੀ ਪੂਰਤੀ ਲਈ ਸੈਲਮਨ, ਸਾਰਡਾਈਨ ਵਰਗੀਆਂ ਮੱਛੀਆਂ ਖਾਣੀਆਂ ਲਾਹੇਵੰਦ ਹੁੰਦੀਆਂ ਹਨ। ਚਿੱਟੀ ਬਰੈੱਡ ਅਤੇ ਚਿੱਟੇ ਚਾਵਲ ਦੀ ਥਾਂ ਸਾਬਤ ਅਨਾਜ ਨੂੰ ਤਰਜੀਹ ਦੇਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਭਾਰ ਵਧਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਫਾਈਬਰ ਨਾਲ ਭਰਪੂਰ ਭੋਜਨ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਦਾ ਹੈ, ਜਿਸ ਨਾਲ ਵਾਰ-ਵਾਰ ਖਾਣ ਦੀ ਆਦਤ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਫੈਟੀ ਲੀਵਰ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਲਾਭਕਾਰੀ ਹੈ, ਕਿਉਂਕਿ ਇਸ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਡਾਈਟ ਵਿੱਚ ਫਾਈਬਰ ਵਧਾਉਣ ਨਾਲ ਪਾਚਨ ਕਿਰਿਆ ਵੀ ਸੁਧਰਦੀ ਹੈ ਅਤੇ ਲੀਵਰ 'ਤੇ ਬੋਝ ਘਟਦਾ ਹੈ।
ਫੈਟੀ ਲੀਵਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿੱਚ ਉੱਚ ਫੈਟ ਅਤੇ ਉੱਚ ਖੰਡ (ਸ਼ੂਗਰ) ਵਾਲੇ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਮਿੱਠੇ ਸਾਫਟ ਡਰਿੰਕ, ਮਿੱਠੀ ਚਾਹ, ਐਨਰਜੀ ਡ੍ਰਿੰਕ ਅਤੇ ਪੈਕਜਡ ਫਲਾਂ ਦੇ ਜੂਸ ਵਿੱਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਲੀਵਰ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਨਾਲ ਹੀ, ਟਰਾਂਸ ਫੈਟ ਅਤੇ ਸੈਚੁਰੇਟਿਡ ਫੈਟ ਵਾਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਰਾਬ ਪੀਣ ਨਾਲ ਵੀ ਲੀਵਰ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ, ਇਸ ਲਈ ਇਸ ਤੋਂ ਪੂਰੀ ਤਰ੍ਹਾਂ ਬਚਣਾ ਹੀ ਬਿਹਤਰ ਹੈ।
ਜੇਕਰ ਫੈਟੀ ਲੀਵਰ ਦੇ ਮਰੀਜ਼ ਦਾ ਭਾਰ ਜ਼ਿਆਦਾ ਹੈ ਜਾਂ ਉਹ ਮੋਟਾਪੇ ਦਾ ਸ਼ਿਕਾਰ ਹੈ, ਤਾਂ ਡਾਕਟਰ ਵਜ਼ਨ ਘਟਾਉਣ ਦੀ ਸਲਾਹ ਦਿੰਦੇ ਹਨ। ਹੌਲੀ-ਹੌਲੀ ਵਜ਼ਨ ਘਟਾਉਣ ਨਾਲ ਲੀਵਰ ਵਿੱਚ ਇਕੱਠੀ ਹੋਈ ਚਰਬੀ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ। ਇਸ ਲਈ ਬਹੁਤ ਤੇਜ਼ ਰਫ਼ਤਾਰ ਨਾਲ ਵਜ਼ਨ ਘਟਾਉਣ ਦੀ ਬਜਾਏ, ਖਾਣ-ਪੀਣ ਵਿੱਚ ਲਗਾਤਾਰ ਸੁਧਾਰ ਅਤੇ ਨਿਯਮਤ ਕਸਰਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਭੋਜਨ ਦੀ ਮਾਤਰਾ ਨੂੰ ਸੀਮਤ ਕਰਨਾ ਅਤੇ ਹੈਲਥੀ ਵਜ਼ਨ ਨੂੰ ਬਣਾਈ ਰੱਖਣਾ ਫੈਟੀ ਲੀਵਰ ਨੂੰ ਬਿਹਤਰ ਢੰਗ ਨਾਲ ਮੈਨੇਜ ਕਰਨ ਵਿੱਚ ਸਹਾਈ ਹੁੰਦਾ ਹੈ। ਹਾਲਾਂਕਿ, ਹਰ ਵਿਅਕਤੀ ਲਈ ਸਹੀ ਭਾਰ ਘਟਾਉਣ ਦੀ ਮਾਤਰਾ ਵੱਖਰੀ ਹੋ ਸਕਦੀ ਹੈ, ਇਸ ਲਈ ਡਾਕਟਰ ਦੀ ਸਲਾਅ ਲੈਣੀ ਬਹੁਤ ਜ਼ਰੂਰੀ ਹੈ।