ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਫਲਸਤੀਨ ਰਾਜ ਦੀ ਸਥਾਪਨਾ ਬਿਲਕੁਲ ਵੀ ਸੰਭਵ ਨਹੀਂ ਹੈ। ਉਨ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੇਸ਼ ਕੀਤੇ ਗਏ ਗਾਜ਼ਾ ਸ਼ਾਂਤੀ ਪ੍ਰਸਤਾਵ ਨੂੰ ਵੀ ਪੂਰੀ ਤਰ੍ਹਾਂ ਨਾਮਨਜ਼ੂਰ ਕਰਦਿਆਂ ਕਿਹਾ ਕਿ ਇਜ਼ਰਾਈਲੀ ਫੌਜ ਗਾਜ਼ਾ ਤੋਂ ਉਦੋਂ ਤੱਕ ਪਿੱਛੇ ਨਹੀਂ ਹਟੇਗੀ, ਜਦੋਂ ਤੱਕ ਹਮਾਸ ਨੂੰ ਪੂਰੀ ਤਰ੍ਹਾਂ ਨਿਹੱਥਾ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਜ਼ਰਾਈਲ ਹਮਾਸ ਨੂੰ ਸਤਹੀ ਤੌਰ 'ਤੇ ਨਹੀਂ, ਸਗੋਂ ਜੜ੍ਹੋਂ ਖ਼ਤਮ ਕਰਨਾ ਚਾਹੁੰਦਾ ਹੈ।
ਨੇਤਨਯਾਹੂ ਨੇ ਕੈਬਨਿਟ ਮੀਟਿੰਗ ਦੌਰਾਨ ਉਨ੍ਹਾਂ ਰਿਪੋਰਟਾਂ ਨੂੰ ਵੀ ਖਾਰਜ ਕੀਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਜ਼ਰਾਈਲ ਨੇ ਟਰੰਪ ਦੀ 'ਬੋਰਡ ਆਫ਼ ਪੀਸ' ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਜ਼ਰਾਈਲ ਇਸ 15-ਸੂਤਰੀ ਯੋਜਨਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਜਦੋਂ ਤੱਕ ਹਮਾਸ ਦੀ ਫੌਜੀ ਸਮਰੱਥਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ, ਫੌਜੀ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨੇਤਨਯਾਹੂ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਗਾਜ਼ਾ ਯੁੱਧ ਤੋਂ ਬਾਅਦ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ।
ਇਜ਼ਰਾਈਲ ਵਿੱਚ ਦੋ ਮਹੀਨਿਆਂ ਬਾਅਦ ਆਮ ਚੋਣਾਂ ਹੋਣ ਵਾਲੀਆਂ ਹਨ ਤੇ ਹਾਲੀਆਂ ਸਰਵੇਖਣ ਰਿਪੋਰਟਾਂ ਮੁਤਾਬਕ ਨੇਤਨਯਾਹੂ ਦੀ ਲਿਕੁਦ ਪਾਰਟੀ ਮੁਕਾਬਲੇ ਵਿੱਚ ਪਛੜਦੀ ਦਿਖਾਈ ਦੇ ਰਹੀ ਹੈ। ਅਜਿਹੇ ਵਿੱਚ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨੇਤਨਯਾਹੂ ਚੋਣਾਂ ਤੋਂ ਪਹਿਲਾਂ ਆਪਣੇ ਕੱਟੜ ਸਮਰਥਕਾਂ ਨੂੰ ਖੁਸ਼ ਰੱਖਣ ਲਈ ਇਹ ਸਖ਼ਤ ਰੁਖ਼ ਅਪਣਾ ਰਹੇ ਹਨ। ਇਜ਼ਰਾਈਲ ਵਿੱਚ ਵੱਡੀ ਗਿਣਤੀ ਵਿੱਚ ਯਹੂਦੀ ਆਬਾਦੀ ਅਜੇ ਵੀ ਗਾਜ਼ਾ ਵਿੱਚ ਕਠੋਰ ਫੌਜੀ ਕਾਰਵਾਈ ਦੇ ਹੱਕ ਵਿੱਚ ਹੈ, ਜਿਸ ਦਾ ਫਾਇਦਾ ਨੇਤਨਯਾਹੂ ਚੋਣਾਂ ਵਿੱਚ ਲੈਣਾ ਚਾਹੁੰਦੇ ਹਨ।
ਹਾਲ ਹੀ ਵਿੱਚ ਮਈ ਮਹੀਨੇ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ 82% ਯਹੂਦੀ ਇਜ਼ਰਾਈਲੀ ਨਾਗਰਿਕਾਂ ਨੇ ਗਾਜ਼ਾ ਦੇ ਫਲਸਤੀਨੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣ ਦਾ ਸਮਰਥਨ ਕੀਤਾ ਸੀ, ਜਦੋਂ ਕਿ 56% ਲੋਕਾਂ ਨੇ ਇਜ਼ਰਾਈਲ ਦੇ ਅੰਦਰ ਰਹਿੰਦੇ ਫਲਸਤੀਨੀ ਨਾਗਰਿਕਾਂ ਨੂੰ ਵੀ ਹਟਾਉਣ ਦੀ ਗੱਲ ਆਖੀ ਸੀ। ਇਹ ਅੰਕੜੇ ਦਰਸਾਉਂਦੇ ਹਨ ਕਿ ਇਜ਼ਰਾਈਲੀ ਸਮਾਜ ਵਿੱਚ ਹਮਾਸ ਅਤੇ ਫਲਸਤੀਨੀਆਂ ਪ੍ਰਤੀ ਸਖ਼ਤ ਰਵੱਈਆ ਹਾਲੇ ਵੀ ਮਜ਼ਬੂਤ ਹੈ, ਜਿਸ ਨੂੰ ਨੇਤਨਯਾਹੂ ਆਪਣੀ ਸਿਆਸਤ ਲਈ ਵਰਤਣਾ ਚਾਹੁੰਦੇ ਹਨ।
ਨੇਤਨਯਾਹੂ ਦੀ ਸਰਕਾਰ ਵਿੱਚ ਕਈ ਅਹਿਮ ਮੰਤਰੀ ਗਾਜ਼ਾ ਵਿੱਚ ਵੈਸਟ ਬੈਂਕ ਵਾਂਗ ਯਹੂਦੀ ਵਸੋਂ ਵਸਾਉਣ ਦੇ ਹੱਕ ਵਿੱਚ ਹਨ। ਕੱਟੜ ਦੱਖਣਪੰਥੀ ਨੇਤਾ ਤੇ ਰਾਸ਼ਟਰੀ ਸੁਰੱਖਿਆ ਮੰਤਰੀ ਬੇਨ ਗਵੀਰ ਨੇ ਤਾਂ ਟਰੰਪ ਦੀ ਯੋਜਨਾ ਨੂੰ 'ਖ਼ਤਰਨਾਕ' ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਹਮਾਸ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦਿੱਤਾ ਗਿਆ ਤਾਂ ਉਹ ਦੁਬਾਰਾ ਹਮਲਾ ਕਰਨ ਦੇ ਕਾਬਲ ਹੋ ਜਾਵੇਗਾ। ਇਸੇ ਕਾਰਨ ਐਤਵਾਰ ਨੂੰ ਨੇਤਨਯਾਹੂ ਨੇ ਪਹਿਲੀ ਵਾਰ ਖੁੱਲ੍ਹੇ ਤੌਰ 'ਤੇ ਟਰੰਪ ਦੀ ਯੋਜਨਾ ਨੂੰ ਨਾਮਨਜ਼ੂਰ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਨੇ ਆਪਣੀਆਂ ਚਿੰਤਾਵਾਂ ਅਮਰੀਕੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਸਾਂਝੀਆਂ ਕਰ ਦਿੱਤੀਆਂ ਹਨ।
ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਨਾਲ ਇਸ ਮੁੱਦੇ 'ਤੇ ਗੱਲਬਾਤ ਲਗਾਤਾਰ ਜਾਰੀ ਹੈ, ਪਰ ਇਜ਼ਰਾਈਲ ਕਿਸੇ ਵੀ ਸੌਦੇ ਲਈ ਆਪਣੀਆਂ ਬੁਨਿਆਦੀ ਸੁਰੱਖਿਆ ਲੋੜਾਂ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ, "ਅਮਰੀਕਾ ਨੇ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ 'ਚੋਂ ਕੁਝ ਸਾਨੂੰ ਮਨਜ਼ੂਰ ਹਨ ਤੇ ਕੁਝ ਨਹੀਂ। ਅਸੀਂ ਆਪਣੀ ਸੁਰੱਖਿਆ ਲਈ ਜ਼ਰੂਰੀ ਹਰ ਕਦਮ ਚੁੱਕਾਂਗੇ ਅਤੇ ਲੋੜ ਪੈਣ 'ਤੇ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਵੀ 'ਨਾਂਹ' ਕਹਿਣਾ ਜਾਣਦੇ ਹਾਂ।" ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਹਮਾਸ ਕੋਲ ਅਜੇ ਵੀ ਇਜ਼ਰਾਈਲ 'ਤੇ ਹਮਲਾ ਕਰਨ ਦੀ ਸਮਰੱਥਾ ਮੌਜੂਦ ਹੈ, ਇਸ ਲਈ ਕਿਸੇ ਵੀ ਕਿਸਮ ਦੀ ਢਿੱਲ ਨਾਲ ਇਜ਼ਰਾਈਲੀ ਨਾਗਰਿਕਾਂ ਦੀ ਜਾਨ 'ਤੇ ਖ਼ਤਰਾ ਪੈਦਾ ਹੋ ਸਕਦਾ ਹੈ।
ਟਰੰਪ ਦੀ 'ਬੋਰਡ ਆਫ਼ ਪੀਸ' ਯੋਜਨਾ ਨੂੰ ਹਮਾਸ ਵੱਲੋਂ ਮੰਨਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਇਜ਼ਰਾਈਲੀ ਅਧਿਕਾਰੀਆਂ ਨੇ ਇਸ 'ਤੇ ਗੰਭੀਰ ਸ਼ੰਕਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਇਸ ਯੋਜਨਾ ਨੂੰ ਸਿਰਫ਼ ਇਜ਼ਰਾਈਲੀ ਫੌਜੀ ਕਾਰਵਾਈ ਨੂੰ ਰੋਕਣ ਦੀ ਚਾਲ ਵਜੋਂ ਵਰਤ ਰਿਹਾ ਹੈ, ਜਦੋਂ ਕਿ ਉਸ ਦਾ ਮੂਲ ਉਦੇਸ਼ ਆਪਣੀ ਸਮਰੱਥਾ ਬਹਾਲ ਕਰਨਾ ਹੈ। ਨੇਤਨਯਾਹੂ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਕਿਸੇ ਵੀ ਅਜਿਹੀ ਪ੍ਰਕਿਰਿਆ ਨੂੰ ਸਵੀਕਾਰ ਨਹੀਂ ਕਰਨਗੇ, ਜੋ ਇਜ਼ਰਾਈਲ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇ।