Punjab News: ਕਿਸਾਨਾਂ ਦਾ ਅੰਦੋਲਨ ਹੋਲੀ-ਹੋਲੀ ਵੱਧਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪੈਟਰੋਲ ਪੰਪ ਮਾਲਕਾਂ ਨੇ ਅੱਜ ਪੂਰਾ ਦਿਨ ਕੰਪਨੀਆਂ ਤੋਂ ਪੈਟਰੋਲ ਨਾ ਖਰੀਦਣ ਦਾ ਫੈਸਲਾ ਕੀਤਾ ਹੈ ਜਦਕਿ ਹੁਣ ਸ਼ੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
ਪੰਜਾਬ ਨੂੰ ਬਣਾਇਆ ਪਾਕਿਸਤਾਨ ਬਾਰਡਰ
ਪੈਟਰੋਲ ਪੰਪ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਆਗੂ ਯੋਗਿੰਦਰ ਪਾਲ ਢੀਂਗਰਾ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਜਾਣ ਦੇ ਚਾਹਵਾਨ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਨੂੰ ਪਾਕਿਸਤਾਨ ਬਾਰਡਰ ਬਣਾਇਆ ਗਿਆ ਹੈ। ਉਨ੍ਹਾਂ 'ਤੇ ਗੋਲੀਬਾਰੀ ਹੋ ਰਹੀ ਹੈ, ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਪਿੱਛੇ ਬੈਠੇ ਕਿਸਾਨਾਂ 'ਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹ ਨਿੰਦਣਯੋਗ ਹੈ। ਇਨ੍ਹਾਂ ਹਾਲਾਤਾਂ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਵੀ ਹੱਕ ਵਿੱਚ ਆ ਗਈ ਹੈ।
ਸ਼ੁੱਕਰਵਾਰ ਨੂੰ 12 ਤੋਂ 4 ਵਜੇ ਤੱਕ ਬੰਦ ਰਹਿਣਗੇ ਪੈਟਰੋਲ ਪੰਪ
ਪੈਟਰੋਲ ਪੰਪ ਮਾਲਕ ਅੱਜ ਪੂਰਾ ਦਿਨ ਪੈਟਰੋਲੀਅਮ ਕੰਪਨੀਆਂ ਤੋਂ ਪੈਟਰੋਲ ਨਹੀਂ ਖਰੀਦਣਗੇ। ਪੈਟਰੋਲੀਅਮ ਕੰਪਨੀਆਂ ਨੂੰ ਕੋਈ ਆਡਰ ਨਹੀਂ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਅਤੇ ਕਿਸੇ ਵੀ ਵਾਹਨ 'ਚ ਪੈਟਰੋਲ ਨਹੀਂ ਪਾਇਆ ਜਾਵੇਗਾ। ਇਸ ਦੇ ਨਾਲ ਹੀ 22 ਫਰਵਰੀ ਨੂੰ ਪੈਟਰੋਲ ਪੰਪਾਂ ਦੀ ਪੂਰੇ ਦਿਨ ਦੀ ਹੜਤਾਲ ਰੱਖੀ ਜਾਵੇਗੀ। ਇਸ ਦਿਨ ਵੀ ਕਿਸੇ ਵਾਹਨ ਵਿੱਚ ਪੈਟਰੋਲ ਨਹੀਂ ਪਾਇਆ ਜਾਵੇਗਾ।