ਪੰਜਾਬ ਸਰਕਾਰ ਦੇਣ ਜਾ ਰਹੀ ਲੋਕਾਂ ਨੂੰ ਪ੍ਰਕਾਸ਼ ਪੁਰਬ ਦਾ ਗਿਫ਼ਟ
ਸਰਕਾਰ ਵਲੋਂ ਸੂਬੇ ਦੇ ਗਰੀਬਾਂ ਲਈ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਨੂੰ 27 ਨਵੰਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
Last Updated :
17 November 2023, 12:49 PM IST
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗਿਫ਼ਟ ਦੇਣ ਦੀ ਤਿਆਰੀ ਕਰ ਲਈ ਹੈ। ਸਰਕਾਰ ਵਲੋਂ ਸੂਬੇ ਦੇ ਗਰੀਬਾਂ ਲਈ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਨੂੰ 27 ਨਵੰਬਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਕੀਮ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਕੀਮ ਦੀ ਰੂਪ-ਰੇਖਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਇਸ ਸਕੀਮ ਤਹਿਤ ਹੋਮ ਡਿਲੀਵਰੀ ਅਗਲੇ ਸਾਲ ਜਨਵਰੀ 'ਚ ਹੀ ਸ਼ੁਰੂ ਹੋਵੇਗੀ, ਪਰ ਇਸ ਸਕੀਮ ਦੀ ਰਸਮੀ ਸ਼ੁਰੂਆਤ ਇਸ ਮਹੀਨੇ ਹੀ ਹੋ ਜਾਵੇਗੀ।
1.42 ਕਰੋੜ ਲਾਭਪਾਤਰਿਆਂ ਨੂੰ ਘਰ ਬੈਠੇ ਮਿਲੇਗਾ ਆਟਾ
ਪੰਜਾਬ ਸਰਕਾਰ ਦੀ ਸਕੀਮ ਰਾਹੀਂ ਸੂਬੇ ਦੇ ਕਰੀਬ 1.42 ਕਰੋੜ ਲਾਭਪਾਤਰੀ ਘਰ ਬੈਠੇ ਆਟਾ ਪ੍ਰਾਪਤ ਕਰ ਸਕਣਗੇ। ਸਰਕਾਰ ਇਸ ਸਕੀਮ ਤਹਿਤ ਹਰ ਮਹੀਨੇ 72500 ਮੀਟ੍ਰਿਕ ਟਨ ਰਾਸ਼ਨ ਵੰਡੇਗੀ। ਸਕੀਮ ਦੇ ਖਰੜੇ ਅਨੁਸਾਰ ਨੈਸ਼ਨਲ ਫੂਡ ਸਕਿਓਰਿਟੀ ਐਕਟ ਤਹਿਤ ਅਕਤੂਬਰ ਤੋਂ ਦਸੰਬਰ ਤੱਕ ਦੇ ਸਮੇਂ ਲਈ ਕਣਕ ਦੀ ਵੰਡ ਕੀਤੀ ਗਈ ਹੈ ਤੇ ਲਾਭਪਾਤਰੀਆਂ ਵਿੱਚ ਇਸ ਦੀ ਵੰਡ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਕਣਕ ਨੂੰ ਪੀਸਣ ਲਈ 3 ਦਰਜਨ ਆਟਾ ਮਿੱਲਾਂ ਦੀ ਸ਼ਨਾਖਤ ਵੀ ਕੀਤੀ ਹੈ। ਆਟਾ ਮਿੱਲਰ ਗੋਦਾਮਾਂ ਤੋਂ ਕਣਕ ਚੁੱਕਣਗੇ ਅਤੇ ਪੀਸਣ ਤੋਂ ਬਾਅਦ ਆਟਾ ਰਾਸ਼ਨ ਡਿਪੂ ਤੱਕ ਪਹੁੰਚਾਉਣਗੇ। ਆਟਾ ਮਿੱਲਾਂ 5 ਅਤੇ 10 ਕਿਲੋ ਦੇ ਪੈਕ ਵਿੱਚ ਆਟਾ ਪੈਕ ਕਰਨਗੀਆਂ। ਇਸ ਯੋਜਨਾ ਨੂੰ ਲਗਭਗ 3500 ਰਾਸ਼ਨ ਡਿਪੂਆਂ ਰਾਹੀਂ ਲਾਗੂ ਕੀਤਾ ਜਾਵੇਗਾ। ਹਰ ਘਰ ਆਟਾ ਪਹੁੰਚਾਉਣ ਦਾ ਕੰਮ ਟੈਂਡਰ ਰਾਹੀਂ 4 ਕੰਪਨੀਆਂ ਨੂੰ ਅਲਾਟ ਕੀਤਾ ਗਿਆ ਹੈ। ਪਹਿਲਾਂ ਇਸ ਸਕੀਮ ਤਹਿਤ ਹਰ ਤਿੰਨ ਮਹੀਨੇ ਬਾਅਦ ਹੋਮ ਡਿਲੀਵਰੀ ਦਾ ਫੈਸਲਾ ਲਿਆ ਜਾਂਦਾ ਸੀ ਪਰ ਹੁਣ ਹਰ ਮਹੀਨੇ ਹੋਮ ਡਿਲੀਵਰੀ ਕੀਤੀ ਜਾਵੇਗੀ। ਇਸ ਪੂਰੀ ਯੋਜਨਾ 'ਤੇ ਲਗਭਗ 670 ਕਰੋੜ ਰੁਪਏ ਦੀ ਲਾਗਤ ਆਵੇਗੀ।
ਡੇਢ ਸਾਲ ਦੀ ਦੇਰੀ ਨਾਲ ਸ਼ੁਰੂ ਹੋਵੇਗੀ ਯੋਜਨਾ
ਪੰਜਾਬ ਸਰਕਾਰ ਨੇ ਮਈ 2022 ਵਿੱਚ ਇਸ ਸਕੀਮ ਦਾ ਐਲਾਨ ਕੀਤਾ ਸੀ ਅਤੇ ਉਸੇ ਸਾਲ ਅਕਤੂਬਰ ਵਿੱਚ ਇਸ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਪਰ ਰਾਸ਼ਨ ਡਿਪੂ ਹੋਲਡਰਾਂ ਨੇ ਸਰਕਾਰ ਦੀ ਇਸ ਸਕੀਮ ਦਾ ਵਿਰੋਧ ਕਰਦਿਆਂ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸਰਕਾਰ ਨੇ ਡਿਪੂ ਹੋਲਡਰਾਂ ਦਾ ਮਸਲਾ ਤਾਂ ਹੱਲ ਕਰ ਲਿਆ ਹੈ ਪਰ ਹੁਣ ਜਿਵੇਂ ਹੀ ਇਸ ਸਕੀਮ ਨੂੰ ਨਵੇਂ ਸਿਰੇ ਤੋਂ ਲਾਗੂ ਕਰਨ ਦੀ ਖ਼ਬਰ ਆਈ ਤਾਂ ਪੰਜਾਬ ਭਾਜਪਾ ਅਤੇ ਕਾਂਗਰਸ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ।