Punjab News: ਲੁਧਿਆਣਾ 'ਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ CISF ਦਾ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਵਿੱਚ ਤਾਇਨਾਤ ਸੀ। ਦੇਰ ਰਾਤ ਪਿਸਤੌਲ 'ਚੋਂ ਚੱਲੀ ਗੋਲੀ ਗਰਦਨ 'ਚ ਲੱਗ ਕੇ ਸਿਰ 'ਚੋਂ ਲੰਘ ਗਈ। ਜਿਸ ਕਾਰਨ ਜਵਾਨ ਦੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਬਿੱਟੂ ਘਰ ਨਹੀਂ ਸੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
UP ਦੀ ਰਹਿਣ ਵਾਲਾ ਹੈ ਜਵਾਨ
ਮ੍ਰਿਤਕ ਫੌਜੀ ਦੀ ਪਛਾਣ ਸੰਦੀਪ ਕੁਮਾਰ (32) ਵਾਸੀ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜਦੋਂ ਉਥੇ ਤਾਇਨਾਤ ਉਸ ਦੇ ਸਾਥੀ ਉਸ ਦੇ ਕਮਰੇ ਦੇ ਨੇੜੇ ਪਹੁੰਚੇ ਤਾਂ ਸੰਦੀਪ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਸੀ। ਸਿਪਾਹੀਆਂ ਨੇ ਤੁਰੰਤ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਘਰ ਨਹੀਂ ਸਨ ਬਿੱਟੂ
ਹਾਦਸੇ ਸਮੇਂ ਸੰਸਦ ਮੈਂਬਰ ਬਿੱਟੂ ਕੋਠੀ ਵਿੱਚ ਮੌਜੂਦ ਨਹੀਂ ਸਨ। ਉਹ ਕਿਸੇ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਨ੍ਹਾਂ ਦੀ ਸਕਿਉਰਟੀ ਨੇ ਹੀ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਹਾਦਸੇ ਦੇ ਸਮੇਂ ਹੋਰ ਸੁਰੱਖਿਆ ਕਰਮਚਾਰੀ ਕੋਠੀ ਵਿੱਚ ਮੌਜੂਦ ਸਨ। ਦੇਰ ਰਾਤ Police ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ। ਪੁਲਿਸ ਹਾਦਸੇ ਦੇ ਸਮੇਂ ਮੌਜੂਦ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਇਸ ਹਾਦਸੇ ਬਾਰੇ ਰਵਨੀਤ ਸਿੰਘ ਬਿੱਟੂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ।
ਕਾਰਨ ਅਜੇ ਸਪੱਸ਼ਟ ਨਹੀਂ
ਅਜੇ ਤੱਕ ਕਿਸੇ ਅਧਿਕਾਰੀ ਨੇ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਸੁਰੱਖਿਆ ਕਰਮੀਆਂ ਦੀ ਗਰਦਨ ਵਿੱਚ ਲੱਗੀ। ਗੋਲੀ ਉਸ ਦੀ ਗਰਦਨ ਵਿੱਚੋਂ ਦੀ ਲੰਘ ਕੇ ਉਸ ਦੇ ਸਿਰ ਵਿੱਚੋਂ ਲੰਘ ਗਈ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਦਸੇ ਦੇ ਸਮੇਂ ਸੁਰੱਖਿਆ ਕਰਮਚਾਰੀ ਆਨ-ਡਿਊਟੀ ਵਰਦੀ ਵਿੱਚ ਤੈਨਾਤ ਸੀ।
ਜਵਾਨ ਦੀ ਪਿਸਤੌਲ ਤੋਂ ਹੀ ਚੱਲੀ ਗੋਲੀ
SHO ਵਿਜੇ ਕੁਮਾਰ ਨੇ ਦੱਸਿਆ ਕਿ ਗੋਲੀ ਪਿਸਤੌਲ ਤੋਂ ਚਲਾਈ ਗਈ ਸੀ। ਮਾਮਲਾ ਅਜੇ ਵੀ ਸ਼ੱਕੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਜਵਾਨ ਦੇ ਪਿਸਤੌਲ ਵਿੱਚੋਂ ਹੀ ਚੱਲੀ ਹੋ ਸਕਦੀ ਹੈ। ਪੁਲਿਸ ਫਿਲਹਾਲ ਅੰਦਾਜ਼ਾ ਲਗਾ ਰਹੀ ਹੈ ਕਿ ਸਿਪਾਹੀ ਆਪਣੀ ਪਿਸਤੌਲ ਸਾਫ਼ ਕਰ ਰਿਹਾ ਸੀ ਜਿਸ ਦੌਰਾਨ ਗੋਲੀ ਚੱਲੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਰਿਪੋਰਟ ਤੋਂ ਬਾਅਦ ਮਾਮਲਾ ਸਾਹਮਣੇ ਆਵੇਗਾ।